ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਵਲੋਂ ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ 'ਰਨ ਫ਼ੋਰ ਸਵਦੇਸ਼ੀ' ਪ੍ਰੋਗਰਾਮ ਰੱਖਿਆ ਗਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕਸ਼ੈ ਸ਼ਰਮਾ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਉਨਾਂ ਲੋਕਾਂ ਨੂੰ ਖਾਸ ਸੱਦਾ ਦਿੱਤਾ ਗਿਆ ਹੈ ਜੋ ਆਪਣੇ ਹੱਥਾਂ ਦੇ ਹੁਨਰ ਨਾਲ ਵਸਤੂਆਂ ਤਿਆਰ ਕਰਕੇ ਆਤਮਨਿਰਭਰ ਬਣੇ ਹੋਏ ਹਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ | ਉਨਾਂ ਕਿਹਾ ਕਿ ਸਵਦੇਸ਼ੀ ਨੂੰ ਉਤਸ਼ਾਹਿਤ ਕਰਨ ਵਾਲੇ ਕਾਰੀਗਰ, ਹੱਥਕਲਾ 'ਚ ਨਿਪੁੰਨ ਅਤੇ ਛੋਟੇ ਉਦਯੋਗਪਤੀ ਹੀ ਆਤਮਨਿਰਭਰ ਭਾਰਤ ਦੀ ਅਸਲੀ ਰੀੜ ਹਨ | ਦੇਸ਼ ਵਿਚ ਬਣੀਆਂ ਵਸਤੂਆਂ ਦੀ ਵਰਤੋਂ ਨਾਲ ਨਾ ਸਿਰਫ਼ ਸਥਾਨਕ ਉਦਯੋਗਾਂ ਨੂੰ ਹੌਸਲਾ ਮਿਲਦਾ ਹੈ, ਬਲਕਿ ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ |