ਅੰਮਿ੍ਤਸਰ, 5 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮਹਾ ਸਿੰਘ ਗੇਟ ਵਿਖੇ ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮਿ੍ਤਸਰ ਬ੍ਰਾਂਚ ਵਲੋਂ ਡੈਂਟਲ ਚੈਕਅਪ ਅਤੇ ਮੌਖਿਕ ਸਿਹਤ ਜਾਗਰੂਕਤਾ ਕੈਂਪ ਲਗਾਇਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡੈਂਟਲ ਟੀਮ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ 'ਚ ਮੌਖਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਭਵਿੱਖ 'ਚ ਦੰਦਾਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਬਚ ਸਕਣ | ਇਹ ਕੈਂਪ ਡਾ. ਕਮਲਦੀਪ ਸ਼ਰਮਾ, ਪ੍ਰਧਾਨ ਅੰਮਿ੍ਤਸਰ ਬ੍ਰਾਂਚ ਅਤੇ ਡਾ. ਨਿਤਿਨ ਵਰਮਾ, ਸਕੱਤਰ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿਚ ਕਾਰਜਕਾਰਣੀ ਕਮੇਟੀ ਦੇ 12 ਹੋਰ ਪ੍ਰਮੁੱਖ ਨਿੱਜੀ ਡੈਂਟਲ ਡਾਕਟਰਾਂ ਨੇ ਭਾਗ ਲਿਆ | ਸਕੂਲ ਪਿ੍ੰ: ਜੇ. ਕੇ. ਸ਼ਿੰਗਾਰੀ ਅਤੇ ਸਟਾਫ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ | ਕੈਂਪ ਦੌਰਾਨ 200 ਤੋਂ ਵੱਧ ਵਿਦਿਆਰਥਣਾਂ ਦਾ ਵਿਸਥਾਰ ਨਾਲ ਡੈਂਟਲ ਚੈਕਅੱਪ ਕੀਤਾ ਗਿਆ ਜਦਕਿ 500 ਤੋਂ ਵੱਧ ਵਿਦਿਆਰਥਣਾਂ ਨੂੰ ਮੌਖਿਕ ਸਫਾਈ ਬਾਰੇ ਜਾਣਕਾਰੀ ਦਿੱਤੀ ਗਈ |ਇਸ ਤੋਂ ਇਲਾਵਾ ਟੂਥਬਰਸ਼, ਟੂਥਪੇਸਟ ਦੇ ਸੈਂਪਲ ਅਤੇ ਸਿੱਖਿਆ ਸਮੱਗਰੀ ਵੰਡੀ ਗਈ | ਵਿਦਿਆਰਥਣਾਂ ਲਈ ਪੋਸਟਰ ਮੇਕਿੰਗ ਮੁਕਾਬਲਾ ਅਤੇ ਸਕਿਟ ਪ੍ਰਦਰਸ਼ਨ ਵੀ ਕਰਵਾਇਆ ਗਿਆ |