ਅੰਮਿ੍ਤਸਰ/ ਜੰਡਿਆਲਾ ਗੁਰੂ, 20 ਫਰਵਰੀ (ਰੇਸ਼ਮ ਸਿੰਘ, ਹਰਜਿੰਦਰ ਸਿੰਘ ਕਲੇਰ)-ਗੈਂਗਸਟਰਾਂ ਦੇ ਨਾਮ 'ਤੇ ਜੰਡਿਆਲਾ ਗੁਰੂ ਦੇ ਸੋਨਾ ਕਾਰੋਬਾਰੀ ਤੋਂ ਡਰਾ ਧਮਕਾ ਕੇ 30 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ | ਜਿਸ ਦੇ ਹੋਰ ਸਾਥੀਆਂ ਦੀ ਭਾਲ ਜ਼ਾਰੀ ਹੈ | ਦੂਜੇ ਪਾਸੇ ਇਹ ਵੀ ਪਤਾ ਲਗਿਆ ਹੈ ਕਿ ਗਿ੍ਫਤਾਰ ਕੀਤਾ ਨੌਜਵਾਨ ਯੂਥ ਕਾਂਗਰਸ ਦਾ ਆਗੂ ਹੈ | ਐੱਸ. ਐੱਸ. ਪੀ. ਸੁਹੇਲ ਮੀਰ ਕਾਸਿਮ ਨੇ ਪੱਤਰਕਾਰ ਸੰਮੇਲਨ 'ਚ ਗੱਲਬਾਤ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਅਜ਼ਾਦ ਸਿੰਘ ਵਾਸੀ ਪਿੰਡ ਬੁਟਾਰੀ ਖਿਲਚੀਆਂ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੇ | ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਕਾਰੋਬਾਰੀ ਤੇ ਮੁਹੱਲਾ ਪਟੇਲ ਨਗਰ ਦੇ ਰਹਿਣ ਵਾਲੇ ਦੀਪਕ ਜੁਲਕਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ 14 ਜਨਵਰੀ ਨੂੰ ਉਸਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਵੱਟਸ ਅੱਪ ਕਾਲਾਂ ਤੇ ਮੈਸੇਜ ਆ ਰਹੇ ਸਨ ਤੇ ਕਾਲ ਅਤੇ ਮੈਸੇਜ ਕਰਨ ਵਾਲਿਆਂ ਨੇ ਆਪਣੇ ਨਾਮ ਗੈਂਗਸਟਰ ਕੇਸ਼ਵ, ਸੱਤਾ ਨੌਸ਼ਿਹਰਾ ਅਤੇ ਕਰਨ ਬਾਠ ਦੱਸ ਕੇ 30 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਅਤੇ ਰਕਮ ਨਾ ਦੇਣ ਦੀ ਸੂਰਤ ਵਿਚ ਉਸ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ | ਇਸ ਸੰਬੰਧੀ ਥਾਣਾ ਜੰਡਿਆਲਾ ਗੁਰੂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਵਲੋਂ ਤਕਨੀਕੀ ਜਾਂਚ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਗਹਿਰਾਈ ਨਾਲ ਜਾਂਚ ਕੀਤੀ ਗਈ | ਪ੍ਰਾਪਤ ਸਬੂਤਾਂ ਦੇ ਆਧਾਰ 'ਤੇ ਉਕਤ ਆਜ਼ਾਦ ਸਿੰਘ ਨੂੰ ਗਿ੍ਫਤਾਰ ਕੀਤਾ ਗਿਆ | ਗਿ੍ਫਤਾਰ ਕੀਤੇ ਨੌਜਵਾਨ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਬਰਾਮਦ ਹੋਏ ਮੋਬਾਈਲ ਦੀ ਫੋਰੈਂਸਿਕ ਅਤੇ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਰਾਹੀਂ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਪੁਸ਼ਟੀ ਅਤੇ ਸੰਭਾਵਿਤ ਸਾਥੀਆਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ |