ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਸ੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵਲੋਂ ਭਗਵਾਨ ਸ੍ਰੀ ਹਨੂੰਮਾਨ ਦੀ ਭਗਤੀ ਅਤੇ ਸਾਂਝੀ ਆਸਥਾ ਦੇ ਪ੍ਰਗਟਾਵੇ ਵਜੋਂ ਸ਼ਾਨਦਾਰ ਤੇ ਫੁੱਲਾਂ ਨਾਲ ਸਜਾਈ ਰੱਥ ਯਾਤਰਾ ਕੱਢੀ ਗਈ | ਇਹ ਰੱਥ ਯਾਤਰਾ ਇਥੇ ਹਾਲ ਗੇਟ ਤੋਂ ਸ਼ੁਰੂ ਹੋ ਕੇ ਸ੍ਰੀ ਦੁਰਗਿਆਣਾ ਮੰਦਿਰ ਤੀਰਥ ਤੱਕ ਪੁੱਜ ਕੇ ਸੰਪੰਨ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਸਾਬਕਾ ਉੱਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਇਸ ਰੱਥ ਯਾਤਰਾ ਵਿਚ ਸ਼ਮੂਲੀਅਤ ਕੀਤੀ | ਸ੍ਰੀ ਸੋਨੀ ਨੇ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਚਰਨਾ ਵਿਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤ ਨਾਲ ਧਾਰਮਿਕ ਭਾਵਨਾਵਾਂ ਸਾਂਝੀਆਂ ਕੀਤੀਆਂ | ਰੱਥ ਯਾਤਰਾ ਦੌਰਾਨ ਸ਼ਹਿਰ ਦਾ ਮਾਹੌਲ ਭਗਤੀਮਈ ਰਿਹਾ ਅਤੇ ਸੰਗਤ ਵਲੋਂ ਭਜਨ-ਕੀਰਤਨ ਅਤੇ ਜੈਕਾਰਿਆਂ ਨਾਲ ਆਧਿਆਤਮਿਕ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ | ਸੋਨੀ ਨੇ ਕਿਹਾ ਕਿ ਅੱਜ ਦੀ ਇਹ ਪਵਿੱਤਰ ਰੱਥ ਯਾਤਰਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਈ | ਉਨ੍ਹਾਂ ਮਹਾਬਲੀ ਹਨੂੰਮਾਨ ਜੀ ਕੋਲ ਰਾਜ ਵਾਸੀਆਂ ਲਈ ਆਪਸੀ ਭਾਈਚਾਰੇ, ਤੰਦਰੁਸਤੀ, ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਸਾਡੇ ਸਮਾਜ ਵਿਚ ਭਾਈਚਾਰੇ, ਸੇਵਾ ਅਤੇ ਸਾਂਝੇਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸੁਨੀਲ ਕੋਂਟੀ, ਸਰਬਜੀਤ ਸਿੰਘ ਲਾਟੀ, ਡਾ. ਰਾਕੇਸ਼ ਸ਼ਰਮਾ, ਸੂਰਜ ਬੱਬਰ, ਪਰਮਜੀਤ ਚੋਪੜਾ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |