ਅੰਮਿ੍ਤਸਰ, 24 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ-ਅੰਮਿ੍ਤਸਰ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪਨਸਪ (ਪੰਜਾਬ ਸਰਕਾਰ) ਪ੍ਰਭਬੀਰ ਸਿੰਘ ਬਰਾੜ ਨੇ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਲਗਭਗ 8000 ਕਰੋੜ ਰੁਪਏ ਆਰ. ਡੀ. ਐੱਫ. (ਰੂਰਲ ਡਿਵੈਲਪਮੈਂਟ ਫੰਡ) ਰੋਕਣਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਕਦਮ ਹੈ | ਬਰਾੜ ਨੇ ਕਿਹਾ ਕਿ ਆਰ. ਡੀ. ਐੱਫ. ਦਾ ਪੈਸਾ ਮੰਡੀਆਂ ਦੇ ਵਿਕਾਸ, ਪਿੰਡਾਂ ਦੀਆਂ ਸੜਕਾਂ, ਬੁਨਿਆਦੀ ਢਾਂਚੇ ਅਤੇ ਖੇਤੀਬਾੜੀ ਸਹੂਲਤਾਂ ਲਈ ਖਰਚ ਹੁੰਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਨੀਤੀ ਸਿਆਸੀ ਵਿਰੋਧ ਦੇ ਆਧਾਰ 'ਤੇ ਪੰਜਾਬ ਨਾਲ ਭੇਦਭਾਵ ਕਰਨ ਦੀ ਹੈ | ਉਨ੍ਹਾਂ ਸਵਾਲ ਕੀਤਾ ਕਿ ਜਦੋਂ ਭਾਜਪਾ ਪੰਜਾਬ ਦਾ ਹੱਕੀ ਫੰਡ ਜਾਰੀ ਨਹੀਂ ਕਰ ਰਹੀ, ਤਾਂ ਨਾਇਬ ਸਿੰਘ ਸੈਣੀ ਅਤੇ ਹੋਰ ਭਾਜਪਾ ਆਗੂ ਕਿਸ ਹੱਕ ਨਾਲ ਪੰਜਾਬ ਵਿਚ ਆ ਕੇ ਪ੍ਰਚਾਰ ਕਰ ਰਹੇ ਹਨ? ਪਹਿਲਾਂ ਪੰਜਾਬ ਦੇ ਬਕਾਇਆ ਫੰਡ ਜਾਰੀ ਕੀਤੇ ਜਾਣ, ਫਿਰ ਪੰਦਾਬ ਵਿਚ ਰਾਜਨੀਤੀ ਕੀਤੀ ਜਾਵੇ | ਬਰਾੜ ਨੇ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਰੋਕਣਾ ਕਿਸਾਨਾਂ ਨਾਲ ਧੋਖਾ ਹੈ ਅਤੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਆਰ. ਡੀ. ਐੱਫ. ਦੀ ਬਕਾਇਆ ਰਕਮ ਜਾਰੀ ਕਰਕੇ ਪੰਜਾਬ ਦੇ ਹੱਕਾਂ ਦਾ ਸਤਿਕਾਰ ਕੀਤਾ ਜਾਵੇ |