ਅੰਮਿ੍ਤਸਰ, 24 ਫਰਵਰੀ (ਹਰਮਿੰਦਰ ਸਿੰਘ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਸੰਸਥਾਪਕ ਭਗਤ ਪੂਰਨ ਸਿੰਘ ਵਲੋਂ ਵਾਤਾਵਰਨ ਦੀ ਸੰਭਾਲ ਲਈ 1927 ਤੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦੇ 2027 'ਚ 100 ਸਾਲ ਪੂਰੇ ਹੋ ਰਹੇ ਹਨ | ਪਿੰਗਲਵਾੜਾ ਸੰਸਥਾ ਵਲੋਂ ਇਸ ਸੰਬੰਧੀ 'ਵਾਤਾਵਰਨ ਜਾਗਰੂਕਤਾ ਸ਼ਤਾਬਦੀ' ਮਨਾਈ ਜਾਵੇਗੀ | ਇਹ ਪ੍ਰਗਟਾਵਾ ਪਿੰਗਲਵਾੜਾ ਸੰਸਥਾ ਦੀ ਮੁੱਚੀ ਡਾ: ਇੰਦਰਜੀਤ ਕੌਰ ਵਲੋਂ ਕੀਤਾ ਗਿਆ | ਡਾ: ਇੰਦਰਜੀਤ ਕੌਰ ਨੇ ਕਿਹਾ ਵਾਤਾਵਰਨ ਜਾਗਰੂਕਤਾ ਸ਼ਤਾਬਦੀ ਦੌਰਾਨ ਪੰਜਾਬ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁੱਖ ਪ੍ਰਬੰਧਕਾਂ ਨੂੰ ਪੱਤਰ ਭੇਜੇ ਗਏ ਹਨ, ਤਾਂ ਜੋ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਬਾਰੇ ਜਾਣੰੂ ਕਰਵਾਇਆ ਜਾ ਸਕੇ ਅਤੇ ਭਗਤ ਪੂਰਨ ਸਿੰਘ ਦਾ ਸੰਦੇਸ਼ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ | ਉਨ੍ਹਾਂ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਦਰਿਆਵਾਂ ਦੇ ਕਮਜ਼ੋਰ ਬੰਨਾਂ ਉੱਤੇ ਬਾਂਸ ਅਤੇ ਖਸ ਦੇ ਬੂਟੇ ਵੱਧ ਤੋਂ ਵੱਧ ਲਗਾਏ ਜਾਣ, ਤਾਂ ਜੋ ਮਿੱਟੀ ਦੇ ਕਟਾਅ ਨੂੰ ਰੋਕਿਆ ਜਾ ਸਕੇ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਅਤੇ ਪ੍ਰਕਿਰਤੀ ਦੀ ਸੰਭਾਲ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਹਰ ਨਾਗਰਿਕ ਨੂੰ ਇਸ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਾਗਜ਼ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਦਗੀ ਅਤੇ ਸੰਭਾਲ ਭਰਪੂਰ ਜੀਵਨ ਹੀ ਭਗਤ ਪੂਰਨ ਸਿੰਘ ਦੀ ਸੱਚੀ ਸਿੱਖਿਆ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਾਤਾਵਰਣ ਸੰਭਾਲ ਸੰਬੰਧੀ ਇਕ ਵਿਸ਼ੇਸ਼ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਵਿਸ਼ੇ 'ਚ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਵਾਤਾਵਰਨ ਦੀ ਰੱਖਿਆ ਲਈ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ | ਪਿੰਗਲਵਾੜਾ ਸੰਸਥਾ ਦੇ ਮੁੱਖ ਪ੍ਰਸ਼ਾਸਕ ਯੋਗੇਸ਼ ਸੂਰੀ ਨੇ ਦੱਸਿਆ ਕਿ ਸੰਸਥਾ ਵਲੋਂ 'ਲਿਫਾਫਾ ਤਿਆਗੋ' ਮੁਹਿੰਮ ਚਲਾਈ ਜਾਵੇਗੀ | ਇਸ ਤਹਿਤ ਅੰਮਿ੍ਤਸਰ ਦੀਆਂ ਵੱਖ-ਵੱਖ ਮੰਡੀਆਂ 'ਚ ਪਿੰਗਲਵਾੜਾ ਸੰਸਥਾ ਦੇ ਕੱਪੜੇ ਦੇ ਥੈਲਿਆਂ ਦੇ ਬੂਥ ਲਗਾਏ ਜਾਣਗੇ ਅਤੇ ਸੰਗਤਾਂ ਨੂੰ ਮੁਫ਼ਤ ਥੈਲੇ ਵੱਡੀ ਗਿਣਤੀ ਵਿਚ ਵੰਡੇ ਜਾਣਗੇ | ਇਸ ਮੌਕੇ ਡਾ: ਜਗਦੀਪਕ ਸਿੰਘ ਮੀਤ ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਅਨਰੇਰੀ ਸਕੱਤਰ, ਰਾਜਬੀਰ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਤਜਿੰਦਰਭਾਨ ਸਿੰਘ ਬੇਦੀ ਅਤੇ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |