ਅੰਮਿ੍ਤਸਰ, 24 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਹਲਕੇ 'ਚ ਖੇਡਾਂ ਅਤੇ ਫਿਟਨੈੱਸ ਖੇਤਰ ਨੂੰ ਮਜ਼ਬੂਤੀ ਦੇਣ ਵੱਲ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ | ਵਾਰਡ ਨੰਬਰ 46 'ਚ ਬਾਬਾ ਦੀਪ ਸਿੰਘ ਕਾਲੋਨੀ ਵਿਖੇ ਇੰਡੋਰ ਜਿੰਮ ਦੇ ਨਿਰਮਾਣ ਕਾਰਜ ਦਾ ਵੀ ਡਾ. ਨਿੱਜਰ ਵਲੋਂ ਉਦਘਾਟਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਇਲੈਕਟ੍ਰਾਨਿਕ ਗੈਜਿਟਾਂ ਤੋਂ ਦੂਰ ਰੱਖਣ ਵੱਲ ਇਕ ਦਿ੍ੜ ਕਦਮ ਹੈ | ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਅੰਮਿ੍ਤਸਰ ਦੇ ਹਲਕਾ ਦੱਖਣੀ 'ਚ ਜ਼ਮੀਨੀ ਪੱਧਰ 'ਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਲਈ ਬਿਹਤਰ ਮੌਕੇ ਪੈਦਾ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ | ਉਨ੍ਹਾਂ ਦੀ ਅਗਵਾਈ ਹੇਠ ਅੰਮਿ੍ਤਸਰ ਦੱਖਣੀ ਸ਼ਹਿਰ ਦੇ ਖੇਡਾਂ ਅਤੇ ਫਿਟਨੈੱਸ ਹੱਬ ਵਜੋਂ ਉਭਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ |