ਅੰਮਿ੍ਤਸਰ, 24 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਅੰਮਿ੍ਤਸਰ ਲੋਕ ਸਭਾ ਇੰਚਾਰਜ ਅਤੇ ਪੰਜਾਬ ਲਘੂ ਉਦਯੋਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ 'ਮੇਰੀ ਰਸੋਈ' ਸਕੀਮ ਰਾਹੀਂ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਇਹ ਯੋਜਨਾ ਖ਼ਾਸ ਤੌਰ 'ਤੇ ਨੀਲੇ ਕਾਰਡ ਧਾਰਕ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਹੈ, ਤਾਂ ਜੋ ਗਰੀਬ ਅਤੇ ਜ਼ਰੂਰਤਮੰਦ ਘਰਾਂ ਦੀ ਰਸੋਈ ਪੂਰੀ ਤਰ੍ਹਾਂ ਚੱਲ ਸਕੇ | ਉਨ੍ਹਾਂ ਕਿਹਾ ਕਿ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਮਿਲਣ ਵਾਲੀ ਕਣਕ ਪਹਿਲਾਂ ਵਾਂਗ ਜਾਰੀ ਰਹੇਗੀ, ਬਲਕਿ ਹੁਣ ਉਸ ਦੀ ਗੁਣਵੱਤਾ 'ਚ ਵੀ ਸੁਧਾਰ ਕੀਤਾ ਗਿਆ ਹੈ | ਬੰਦੇਸ਼ਾ ਨੇ ਕਿਹਾ ਕਿ 'ਮੇਰੀ ਰਸੋਈ' ਸਕੀਮ ਤਹਿਤ ਕਣਕ ਦੇ ਨਾਲ ਇਕ ਵਿਸ਼ੇਸ਼ ਫੂਡ ਕਿੱਟ ਵੀ ਦਿੱਤੀ ਜਾਵੇਗੀ | ਇਸ ਕਿੱਟ 'ਚ 2 ਕਿਲੋ ਮਾਂਹ ਛੋਲਿਆਂ ਦੀ ਦਾਲ, 2 ਕਿਲੋ ਚੀਨੀ, 1 ਕਿਲੋ ਸ਼ੁੱਧ ਆਇਓਡਾਈਜ਼ਡ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ 1 ਲੀਟਰ ਸਰੋਂ ਦਾ ਤੇਲ ਸ਼ਾਮਿਲ ਹੋਵੇਗਾ | ਇਹ ਪੂਰੀ ਕਿੱਟ 40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਪਰਿਵਾਰਾਂ, ਖ਼ਾਸ ਕਰਕੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਕੂਪੋਸ਼ਣ ਦਾ ਸ਼ਿਕਾਰ ਨਾ ਹੋਣ | ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਸਰਕਾਰ ਗਰੀਬ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ 'ਮੇਰੀ ਰਸੋਈ' ਸਕੀਮ ਲੋਕ-ਹਿਤੈਸ਼ੀ ਸੋਚ ਦਾ ਇਕ ਹੋਰ ਕਦਮ ਹੈ |
'ਮੇਰੀ ਰਸੋਈ' ਸਕੀਮ ਤਹਿਤ ਕਣਕ ਸਮੇਤ ਫੂਡ ਕਿੱਟ ਦੇਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ-ਜਸਕਰਨ ਸਿੰਘ ਬੰਦੇਸ਼ਾ <br/>
ਅਜੀਤ ਡੈਸਕ
25-02-2026