ਅੰਮਿ੍ਤਸਰ, 25 ਫਰਵਰੀ (ਰੇਸ਼ਮ ਸਿੰਘ)-ਥਾਣਾ ਸਦਰ ਦੇ ਖੇਤਰ ਲਛਮੀਂ ਵਿਹਾਰ 88 ਫੁਟ ਰੋਡ ਨੇੜੇ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਦੋਵਾਂ ਧਿਰਾਂ ਜੋ ਇਕ ਦੂਜੇ ਦੇ ਗੁਆਂਢੀ ਸਨ ਨੇ ਬਾਹਰੋਂ ਬੰਦੇ ਬੁਲਾ ਲਏ ਤੇ ਦਰਜ਼ਨਾ ਬੰਦਿਆਂ ਨੇ ਇਕ ਦੂਜੇ 'ਤੇ ਇੱਟਾਂ-ਰੋੜੇ ਤੇ ਗੋਲੀਆਂ ਵੀ ਚਲਾਈਆਂ | ਦੋਵਾਂ ਧਿਰਾਂ ਨਾਲ ਹੋਏ ਹੱਲੇ ਗੁੱਲੇ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ | ਪੁਲਿਸ ਵਲੋਂ ਮਿਲੀ ਸੂਚਨਾ 'ਤੇ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਗੋਲਡੀ, ਪ੍ਰਦੀਪ ਚੌਹਾਨ ਤੇ ਦਰਜ਼ਨ ਦੇ ਕਰੀਬ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਏ.ਐਸ.ਆਈ. ਸੁਖਦੇਵ ਸਿੰਘ ਥਾਣਾ ਸਦਰ ਵਲੋਂ ਦਰਜ ਕਰਵਾਏ ਮਾਮਲੇ ਅਨੁਸਾਰ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਤ ਸਾਢੇ 11 ਵਜੇ 88 ਫੁੱਟ ਰੋਡ ਲਛਮੀਂ ਵਿਹਾਰ ਵਿਖੇ ਦੋਵੇਂ ਧਿਰਾਂ ਦੀ ਰਿਹਾਇਸ਼ ਹੈ ਤੇ ਦੋਵਾਂ ਵਲੋਂ ਲੜਾਈ ਝਗੜੇ ਲਈ ਬਾਹਰੋਂ ਬੰਦੇ ਸੱਦੇ ਗਏ ਹਨ | ਇਨ੍ਹਾਂ ਨੇ ਝਗੜਾ ਕੀਤਾ ਤੇ ਇਕ ਦੂਜੇ ਤੇ ਇੱਟਾਂ ਰੋੜੇ ਨਾਲ ਹਮਲਾ ਕੀਤਾ ਤੇ ਗੋਲੀਆਂ ਵੀ ਚਲਾਈਆਂ | ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਇਲਾਕਾ ਵਾਸੀਆਂ 'ਚ ਸਹਿਮ ਦਾ ਮਾਹੌਲ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |