ਅੰਮਿ੍ਤਸਰ, 26 ਫਰਵਰੀ (ਹਰਮਿੰਦਰ ਸਿੰਘ)-ਸ਼ਹਿਰ ਦੇ ਅਹਿਮ ਇਲਾਕੇ ਸੁਲਤਾਨਵਿੰਡ ਰੋਡ ਸਥਿਤ ਗੁ: ਤੂਤ ਸਾਹਿਬ ਬਾਜਾਰ ਨੇੜੇ ਗਲੀ ਬਸੰਤ ਵਿਖੇ ਇਕ ਘਰ ਦੀ ਹੇਠਲੀ ਮੰਜਿਲ 'ਚ ਸਥਿਤ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ | ਅੱਗ ਇਨ੍ਹੀ ਭਿਆਨਕ ਸੀ ਕਿ ਜਿਸ ਦੀ ਲਪੇਟ ਵਿਚ ਆ ਕੇ ਫੈਕਟਰੀ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਨੇ ਢਾਈ ਤਿੰਨ ਘੰਟਿਆ ਦੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ | ਫਾਇਰ ਬਿ੍ਗੇਡ ਅਨੁਸਾਰ ਰਾਤ ਨੂੰ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਉਕਤ ਇਲਾਕੇ ਵਿਚ ਬਿਜਲੀ ਦਾ ਪਲਾਸਟਿਕ ਦਾ ਸਮਾਨ ਤਿਆਰ ਕਰਨ ਵਾਲੀ ਕੰਪਨੀ 'ਚ ਅਚਾਨਕ ਅੱਗ ਲੱਗ ਗਈ | ਇਸ ਫੈਕਟਰੀ ਦੀ ਉਪਰ ਵਾਲੀ ਮੰਜਿਲ 'ਚ ਫੈਕਟਰੀ ਮਾਲਕ ਦਾ ਪਰਿਵਾਰ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਇਤਲਾਹ ਮਿਲਦੇ ਹੀ ਸਭ ਤੋਂ ਪਹਿਲਾਂ ਗਿਲਵਾਲੀ ਗੇਟ ਫਾਇਰ ਸਟੇਸ਼ਨ ਦੀ ਟੀਮ ਮੌਕੇ 'ਤੇ ਪਹੁੰਚ ਗਈ | ਇਸ ਉਪਰੰਤ ਫੋਕਲ ਪੁਆਇਟ ਬੇਰੀ ਗੇਟ ਅਤੇ ਟਾਊਨ ਹਾਲ ਤੋਂ ਵੀ ਫਾਇਰ ਸਟੇਸ਼ਨ ਦੀਆਂ ਗੱਡੀਆਂ ਘਟਨਾ ਸਥਾਨ 'ਤੇ ਪਹੁੰਚੀਆਂ ਜ਼ਿਨ੍ਹਾਂ ਨੇ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ |