ਅੰਮਿ੍ਤਸਰ, 26 ਫਰਵਰੀ (ਸੁਰਿੰਦਰ ਕੋਛੜ)-ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਵਲੋਂ ਅੰਮਿ੍ਤਸਰ ਦੇ ਰਣਜੀਤ ਐਵੀਨਿਊ ਮੈਦਾਨ 'ਚ 27 ਫਰਵਰੀ ਤੋਂ ਲਗਾਏ ਜਾਣ ਵਾਲੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਤਿੰਨ ਰੋਜ਼ਾ ਉਤਸਵ ਦੌਰਾਨ ਪੰਜਾਬ ਦੇ ਸਭਿਆਚਾਰਕ ਵਿਰਸੇ, ਰਹਿਣ-ਸਹਿਣ ਅਤੇ ਖਾਣ-ਪੀਣ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇਗਾ | ਇਸ ਬਾਰੇ 'ਚ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਰੰਗਲਾ ਪੰਜਾਬ ਉਤਸਵ 1 ਮਾਰਚ ਤੱਕ ਚੱਲੇਗਾ | ਤਿੰਨ ਰੋਜ਼ਾ ਇਹ ਰੰਗਲਾ ਪੰਜਾਬ ਉਤਸਵ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੋਵੇਗਾ | ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਖ਼ੂਬਸੂਰਤ ਕਰਾਫ਼ਟ ਬਾਜ਼ਾਰ ਲਗਾਇਆ ਗਿਆ ਹੈ ਜਿਸ ਦੁਕਾਨਦਾਰਾਂ ਵਲੋਂ ਸਟਾਲ ਲਗਾ ਕੇ ਰਿਵਾਇਤੀ ਪੰਜਾਬੀ ਅਤੇ ਹੋਰ ਸਾਮਾਨ ਵੇਚਿਆ ਜਾਵੇਗਾ | ਇਸ ਤੋਂ ਇਲਾਵਾ ਮੇਲੇ ਦੌਰਾਨ ਲਗਾਈ ਜਾਣ ਵਾਲੀ ਫੂਡ ਕੋਰਟ 'ਚ ਵੱਖ-ਵੱਖ ਪਕਵਾਨਾਂ ਦੇ 30 ਸਟਾਲ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਝੂਲੇ ਲਗਾਏ ਗਏ ਹਨ | ਇਸ ਤੋਂ ਇਲਾਵਾ ਮੇਲੇ 'ਚ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਵੀ ਆਪਣੇ ਸਟਾਲ ਲਗਾ ਕੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਦੱਸਿਆ ਜਾ ਰਿਹਾ ਹੈ ਕਿ ਮੇਲੇ ਦੇ ਤਿੰਨੇ ਦਿਨ ਸ਼ਾਮ ਨੂੰ ਪੰਜਾਬ ਦੇ ਨਾਮੀ ਗਾਇਕ ਕਲਾਕਾਰਾਂ ਵਲੋਂ ਗਾਇਕੀ ਦੇ ਅਖਾੜੇ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ | ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੀਆਂ ਹੋਰ ਵੰਨਗੀਆਂ ਗਿੱਧਾ-ਭੰਗੜਾ ਦੀ ਪੇਸ਼ਕਾਰੀ ਵੀ ਦੇਖਣ ਨੂੰ ਮਿਲੇਗੀ | 27 ਫਰਵਰੀ ਨੂੰ ਰੰਗਲਾ ਪੰਜਾਬ ਉਤਸਵ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਪ੍ਰਸਿੱਧ ਲੋਕ ਗਾਇਕ ਵਿਰਾਸਤ ਸੰਧੂ, ਜਸਪਿੰਦਰ ਨਰੂਲਾ ਅਤੇ ਜੈਜ਼ੀ ਬੀ ਵਲੋਂ ਖੁੱਲ੍ਹੇ ਅਖਾੜੇ ਦੌਰਾਨ ਆਪਣੀ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ | ਇਸ ਖੁੱਲ੍ਹੇ ਅਖਾੜੇ 'ਚ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ | ਮੇਲੇ ਦੇ ਦੂਸਰੇ ਦਿਨ ਦੀ ਸ਼ਾਮ ਨੂੰ ਗਾਇਕਾ ਮੀਤ ਕੌਰ, ਕੌਰ ਬੀ ਅਤੇ ਗਾਇਕ ਕੁਲਵਿੰਦਰ ਬਿੱਲਾ ਵਲੋਂ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਮੇਲੇ ਦੇ ਤੀਸਰੇ ਤੇ ਆਖ਼ਰੀ ਦਿਨ ਦੀ ਸ਼ਾਮ ਨੂੰ ਗਾਇਕ ਹਰਜੀਤ ਹਰਮਨ, ਬਾਣੀ ਸੰਧੂ ਅਤੇ ਮਨਮੋਹਨ ਵਾਰਿਸ ਵਲੋਂ ਆਪਣੀ ਗਾਇਕੀ ਰਾਹੀਂ ਰੰਗ ਬੰਨਿ੍ਹਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੰਗਲਾ ਪੰਜਾਬ ਉਤਸਵ ਦੌਰਾਨ ਆਮ ਲੋਕਾਂ ਦੀ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ |