ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)-ਛੇਹਰਟਾ ਵਿਖੇ ਢਾਈ ਸਾਲ ਪਹਿਲਾਂ ਆਟੋ ਰਿਕਸ਼ਾ 'ਚ ਜਾ ਰਹੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਮਾਮਲੇ 'ਚ ਅੱਜ ਇਥੇ ਜ਼ਿਲ੍ਹਾ ਸ਼ੈਸਨ ਜੱਜ ਦੀ ਅਦਾਲਤ ਵਲੋਂ ਗੁਰਦੀਪ ਸਿੰਘ ਉਰਫ ਗਾਂਧੀ ਨੂੰ ਕਤਲ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਸਬੂਤ ਮਿਟਾਉਣ ਦੀ ਕੋਸ਼ਿਸ ਕਰਨ ਦੇ ਦੋਸ਼ਾਂ ਤਹਿਤ ਵੀ ਤਿੰਨ ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ | ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ 11 ਸਤੰਬਰ 2023 ਨੂੰ ਸ਼ਾਮ ਕਰੀਬ 8 ਵਜੇ ਹਰਪਾਲ ਸਿੰਘ ਆਪਣਾ ਆਟੋ-ਰਿਕਸ਼ਾ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਕੁਲਦੀਪ ਸਿੰਘ ਉਰਫ਼ ਇਸ਼ੂ ਬੈਠਿਆ ਹੋਇਆ ਸੀ | ਜਦੋਂ ਉਹ ਜੀ.ਟੀ. ਰੋਡ, ਛੇਹਰਟਾ ਨੇੜੇ ਢਿੱਲੋਂ ਬੱਸ ਸਟੈਂਡ ਕੋਲ ਪਹੁੰਚੇ, ਤਦ ਮੁਲਜ਼ਮ ਨੇ ਉਨ੍ਹਾਂ ਨੂੰ ਰੋਕਿਆ | ਮੁਲਜ਼ਮ ਵਲੋਂ ਕੁਲਦੀਪ ਸਿੰਘ ਨੂੰ ਆਟੋ ਤੋਂ ਬਾਹਰ ਕੱਢ ਕੇ ਤਿੱਖੇ ਹਥਿਆਰ ਨਾਲ ਵਾਰ ਕੀਤਾ ਗਿਆ ਇਸ 'ਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਮੈਡੀਕਲ ਜਾਂਚ 'ਚ ਤਿਖੇ ਹਥਿਆਰ ਨਾਲ ਗੰਭੀਰ ਸੱਟ ਲਗਣ ਤੇ ਅੰਦੁਰੂਨੀ ਖੂਨ ਪੈਣਾ ਮੌਤ ਦਾ ਕਾਰਨ ਦੱਸਿਆ ਗਿਆ | ਇਸ ਮਾਮਲੇ 'ਚ 3 ਨਵੰਬਰ ਨੂੰ ਥਾਣਾ ਛੇਹਰਟਾ ਦੀ ਪੁਲਿਸ ਵਲੋਂ ਮੁਲਜ਼ਮ ਨੂੰ ਗਿ੍ਫਤਾਰ ਕੀਤਾ ਗਿਆ ਸੀ | ਅਦਾਲਤ ਨੇ ਅੱਖੀਂ-ਦੇਖੇ ਗਵਾਹਾਂ ਅਤੇ ਮੈਡੀਕਲ ਸਬੂਤਾਂ ਨੂੰ ਭਰੋਸੇਯੋਗ ਮੰਨਦਿਆਂ ਦੋਸ਼ ਸਾਬਤ ਕਰ ਦਿੱਤਾ | ਸਰਕਾਰੀ ਬੁਲਾਰੇ ਅਨੁਸਾਰ ਹਾਲਾਂ ਕਿ ਸ਼ਿਕਾਇਤ ਕਰਤਾ ਵਲੋਂ ਮੁਲਜ਼ਮ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਸ ਮਾਮਲੇ ਨੂੰ ਅਤਿ-ਵਿਰਲੇ ਮਾਮਲਿਆਂ ਦੀ ਸ਼੍ਰੇਣੀ ਵਿਚ ਨਾ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ |