ਅੰਮਿ੍ਤਸਰ, 5 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਜਸਕਰਨ ਸਿੰਘ ਬੰਦੇਸਾ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਨਾਲ ਹੋਣ ਵਾਲੀ ਲਾਪ੍ਰਵਾਹੀ ਅਤੇ ਅਣਗਹਿਲੀ ਨੂੰ ਰੋਕਣ ਲਈ ਜਾਰੀ ਨਵੇਂ ਨੋਟੀਫਿਕੇਸ਼ਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਸਿਹਤ ਪ੍ਰਣਾਲੀ ਵਿਚ ਵੱਡਾ ਸੁਧਾਰ ਆਵੇਗਾ ਅਤੇ ਮਰੀਜ਼ਾਂ ਨੂੰ ਨਿਆਂ ਮਿਲਣਾ ਯਕੀਨੀ ਬਣੇਗਾ | ਚੇਅਰਮੈਨ ਬੰਦੇਸ਼ਾ ਨੇ ਦੱਸਿਆ ਕਿ 13 ਫਰਵਰੀ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰ ਜ਼ਿਲ੍ਹੇ ਵਿਚ 'ਡਿਸਟਿ੍ਕਟ ਮੈਡੀਕਲ ਬੋਰਡ ਫਾਰ ਨੇਗਲੀਜੈਂਸ' ਦਾ ਗਠਨ ਕੀਤਾ ਗਿਆ ਹੈ | ਇਹ ਬੋਰਡ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਜਾਂ ਹਸਪਤਾਲਾਂ ਖ਼ਿਲਾਫ਼ ਆਉਣ ਵਾਲੀਆਂ ਮੈਡੀਕਲ ਲਾਪਰਵਾਹੀ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰੇਗਾ | ਬੋਰਡ ਵਿਚ ਸਿਵਲ ਸਰਜਨ ਚੇਅਰਮੈਨ ਹੋਵੇਗਾ, ਜਦਕਿ ਮੈਡੀਕਲ ਸੁਪਰਡੈਂਟ ਜਾਂ ਪਿ੍ੰਸੀਪਲ ਮੈਡੀਕਲ ਅਫਸਰ ਮੈਂਬਰ ਸਕੱਤਰ ਵਜੋਂ ਕੰਮ ਕਰੇਗਾ | ਇਸ ਤੋਂ ਇਲਾਵਾ ਮਾਹਿਰ ਡਾਕਟਰਾਂ ਅਤੇ ਇੰਡੀਆਨ ਮੈਡੀਕਲ ਐਸੋਸੀਏਸ਼ਨ ਦਾ ਨੁਮਾਇੰਦਾ ਵੀ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਹਸਪਤਾਲਾਂ ਦੀ ਜਵਾਬਦੇਹੀ ਵਧੇਗੀ ਅਤੇ ਮਰੀਜ਼ਾਂ ਨਾਲ ਹੋਣ ਵਾਲੀ ਕਿਸੇ ਵੀ ਕਿਸਮ ਦੀ ਅਣਗਹਿਲੀ 'ਤੇ ਤੁਰੰਤ ਕਾਰਵਾਈ ਹੋਵੇਗੀ |