ਅੰਮਿ੍ਤਸਰ, 7 ਮਾਰਚ (ਰੇਸ਼ਮ ਸਿੰਘ)- ਬੀਤੀ ਰਾਤ ਇਥੇ ਨਗਰ ਨਿਗਮ ਦੀ ਕੌਂਸਲਰ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਰਤਨ ਸਿੰਘ ਚੌਂਕ ਨੇੜੇ ਫੈਜ਼ਪੁਰਾ ਵਿਖੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਵੀ ਕੈਦ ਹੋ ਗਈ ਹੈ | ਇਸ ਘਟਨਾ ਨਾਲ ਇਲਾਕੇ 'ਚ ਲੋਕਾਂ 'ਚ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ | ਦੂਜੇ ਪਾਸੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀਆਂ ਚਲਾਉਣ ਦੇ ਮਾਮਲੇ 'ਚ 4 ਨੌਵਜਾਨਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਹੈ | ਵਾਰਡ ਨੰਬਰ 7 ਤੋਂ ਕੌਂਸਲਰ ਸ੍ਰੀਮਤੀ ਕਾਜਲ ਦੇ ਪਤੀ ਇੰਦਰਜੀਤ ਸਿੰਘ ਬੌਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਬੀਤੀ ਅੱਧੀ ਰਾਤ ਸਾਢੇ 12 ਵਜੇ ਤੋਂ ਬਾਅਦ ਦੀ ਹੈ ਜਦੋਂ ਕਿ ਉਹ ਸੌਣ ਦੀ ਤਿਆਰੀ ਕਰ ਰਹੇ ਸਨ ਜਦੋਂ ਕਿ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਜਿਸ ਉਪਰੰਤ ਉਹ ਬਾਹਰ ਨਿਕਲੇ ਤਾਂ ਸਾਰੇ ਨੌਜਵਾਨ ਭੱਜ ਗਏ | ਇਕ ਨੌਜਵਾਨ ਵਿਨੇ ਉਰਫ ਗੋਲੂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਗਲੀ ਮਾਲੀਆਂ ਵਾਲੀ ਦਾ ਰਹਿਣ ਵਾਲਾ ਹੈ | ਇਹ ਸਾਰੇ ਨੌਜਵਾਨ ਅਪਰਾਧਿਕ ਬਿਰਤੀ ਵਾਲੇ ਹਨ | ਉਸ ਨੇ ਦੱਸਿਆ ਕਿ ਉਨ੍ਹਾਂ ਨਸ਼ਿਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਸੇ ਰੰਜਿਸ਼ ਕਾਰਨ ਹੀ ਉਨ੍ਹਾਂ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ | ਇਸ ਸੰਬੰਧੀ ਏ.ਸੀ.ਪੀ. ਉਤਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਇੰਦਰਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਮਜੀਠਾ ਰੋਡ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਬੌਬੀ ਦੀ ਭਾਣਜੀ ਯੂ. ਕੇ 'ਚ ਪੜ੍ਹਦੀ ਹੈ, ਨੇ ਉਨ੍ਹਾਂ ਦੇ ਘਰ ਦੇ ਨਾਲ ਵਾਲੀ ਗਲੀ ਬਾਲੀ 'ਚ ਸੰਜੂ ਨਾਂਅ ਦੇ ਮੁੰਡੇ ਨਾਲ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪ੍ਰੇਮ ਵਿਆਹ ਕਰ ਲਿਆ ਗਿਆ ਸੀ ਅਤੇ ਜਲੰਧਰ ਦੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਜਦੋਂ ਕਿ ਬੌਬੀ ਮੁਤਾਬਕ ਉਨ੍ਹਾਂ ਵਲੋਂ ਸੰਜੂ ਦੇ ਪਿਛੋਕੜ ਦੀ ਪੜਤਾਲ ਕੀਤੀ ਜਾ ਰਹੀ ਸੀ | ਜਿਸ ਦੀ ਰੰਜਿਸ਼ ਕਾਰਨ ਸੰਜੂ, ਵਿਨੈ ਕੁਮਾਰ, ਜੱਸੀ ਤੇ ਰਾਹੁਲ ਕੁਮਾਰ ਵਲੋਂ ਘਰ ਦੇ ਬਾਹਰ ਗੋਲੀਆਂ ਚਲਾਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਡਰਾਉਣ ਦੀ ਕੋਸ਼ਿਸ ਕੀਤੀ ਗਈ | ਪੁਲਿਸ ਵਲੋਂ ਵਿਨੇ ਕੁਮਾਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਨਿੱਜੀ ਦੁਸ਼ਮਣੀ ਦਾ ਹੈ ਪਰ ਪੁਲਿਸ ਵਲੋਂ ਫਿਰ ਵੀ ਹਰੇਕ ਕੋਨ ਤੋਂ ਜਾਂਚ ਕੀਤੀ ਜਾ ਰਹੀ ਹੈ |
ਅੱਧੀ ਰਾਤ ਨੂੰ 'ਆਪ' ਆਗੂ ਤੇ ਕੌਂਸਲਰ ਦੇ ਘਰ ਚੱਲੀਆਂ ਗੋਲੀਆਂ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ <br/>
ਘਰ ਦੇ ਬਾਹਰ ਲੱਗੀਆਂ ਗੋਲੀਆਂ ਦੇ ਨਿਸ਼ਾਨ ਤੇ <br/>
08-03-2026