ਭਰਾ ਵੀ ਨਸ਼ੀਲੇ ਪਦਾਰਥਾਂ 'ਚ ਸ਼ਾਮਿਲ : ਫਿਲਹਾਲ ਦੋਵੇਂ ਭਰਾ ਜੇਲ੍ਹ ਤੋਂ ਬਾਹਰ
ਅੰਮਿ੍ਤਸਰ, 7 ਮਾਰਚ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲਗਾਤਾਰ ਕਾਰਵਾਈ ਕਰਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਥਾਣਾ ਸਦਰ ਦੇ ਅਧਿਕਾਰ ਖੇਤਰ ਅਧੀਨ ਫਤਿਹ ਸਿੰਘ ਕਾਲੋਨੀ, 88 ਫੁੱਟ ਰੋਡ, ਅੰਮਿ੍ਤਸਰ ਵਿਖੇ ਸਥਿਤ ਇਕ ਜਾਣੇ-ਪਛਾਣੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਜਾਇਦਾਦ ਨੂੰ ਢਾਹ ਦਿੱਤਾ | ਇਹ ਘਰ 2 ਭਰਾਵਾਂ ਦਾ ਹੈ ਜਿਨ੍ਹਾਂ ਦੀ ਸ਼ਨਾਖਤ ਈਸ਼ੂ (25) ਵਾਸੀ ਗਲੀ ਨੰਬਰ 11 ਫਤਿਹ ਸਿੰਘ ਕਾਲੋਨੀ 88 ਫੁੱਟ ਰੋਡ ਵਜੋਂ ਹੋਈ ਹੈ | ਅੱਜ ਇਸ ਕਾਰਵਾਈ ਦੀ ਅਗਵਾਈ ਕਰਦਿਆਂ ਡੀ.ਸੀ.ਪੀ. ਆਲਮ ਵਿਜੈ ਸਿੰਘ ਨੇ ਦੱਸਿਆ ਕਿ ਈਸ਼ੂ ਅਤੇ ਉਸ ਦਾ ਭਰਾ ਪਿ੍ੰਸ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਗਤੀਵਿਧੀਆਂ 'ਚ ਸ਼ਾਮਿਲ ਹਨ | ਉਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਇਨ੍ਹਾਂ 'ਚੋਂ ਇਸ਼ੂ ਦੇ ਖਿਲਾਫ ਦੋ ਮਾਮਲੇ ਨਸ਼ੀਲੇ ਪਦਾਰਥਾਂ ਤੇ 2 ਚੋਰੀ ਦੇ ਹਨ | ਇਸ ਦੇ ਭਰਾ ਪਿੰ੍ਰਸ ਖਿਲਾਫ ਵੀ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨਸ਼ੀਲੇ ਪਦਾਰਥਾਂ ਦੇ ਨੈੱਟਵਰਕਾਂ ਨੂੰ ਤਬਾਹ ਕਰਨ ਅਤੇ ਨਸ਼ੀਲੇ ਪਦਾਰਥਾਂ ਦੇ ਵਪਾਰ 'ਚ ਸ਼ਾਮਿਲ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ | ਅਜਿਹੀਆਂ ਕਾਰਵਾਈਆਂ ਇਸ ਸੰਦੇਸ਼ ਨੂੰ ਮਜ਼ਬੂਤ ਕਰਦੀਆਂ ਹਨ ਕਿ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਆਮ ਜਨਤਾ ਨੂੰ ਪੰਜਾਬ ਪੁਲਿਸ ਐਂਟੀ-ਡਰੱਗ ਹੈਲਪਲਾਈਨ 97791-00200 'ਤੇ ਜਾਣਕਾਰੀ ਸਾਂਝੀ ਕਰਕੇ ਡਰੱਗ ਅਪਰਾਧ ਵਿਰੁੱਧ ਲੜਾਈ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਤੇ ਕਿਹਾ ਕਿ ਲੋਕਾਂ ਵਲੋਂ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ | ਇਸ ਮੌਕੇ ਏ.ਡੀ.ਸੀ.ਪੀ. ਸ੍ਰੀਰੀਵਨੇਲਾ, ਏ.ਸੀ.ਪੀ. ਗਗਨਦੀਪ ਸਿੰਘ ਆਦਿ ਹਾਜ਼ਰ ਸਨ |
ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ 25 ਸਾਲਾ ਨਸ਼ਾ ਤਸਕਰ ਦਾ ਘਰ ਢਾਹਿਆ
ਅਜੀਤ ਡੈਸਕ
08-03-2026