ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੱਜ ਲੁਧਿਆਣਾ ਵਿਖੇ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕੀਤਾ ਗਿਆ, ਜਿਸ ਨਾਲ ਪੰਜਾਬ ਦੇ ਸਨਅਤੀ ਖੇਤਰ ਅਤੇ ਉਦਮੀਆਂ 'ਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ 'ਚ ਦੇਸ਼ 'ਚ ਪਹਿਲੀ ਵਾਰ 20 ਤਰ੍ਹਾਂ ਦੀਆਂ ਉਦਯੋਗਿਕ ਪ੍ਰੋਤਸਾਹਨ ਸਹੂਲਤਾਂ ਦੇਣ ਜਾ ਰਹੀ ਹੈ, ਜਿਨ੍ਹਾਂ 'ਚ ਸਨਅਤਕਾਰਾਂ ਨੂੰ ਜੀ. ਐੱਸ. ਟੀ., ਨਿਰਯਾਤ 'ਚ ਪ੍ਰੋਤਸਾਹਨ ਰੋਜ਼ਗਾਰ ਪ੍ਰੋਤਸਾਹਨ, ਜ਼ੇਡ ਐੱਲ ਟੀ 'ਚ ਪ੍ਰੋਤਸਾਹਨ ਆਦਿ ਦਰਜਨਾਂ ਪ੍ਰੋਤਸਾਹਨ ਵਿਕਲਪ ਵਾਲੇ ਪੈਕੇਜ ਕਾਰੋਬਾਰੀਆਂ ਨੂੰ ਸਹੂਲਤਾਂ ਅਤੇ ਮਦਦ ਦੇਣ ਵਾਲੇ ਹੋਣਗੇ | ਉਨ੍ਹਾਂ ਕਿਹਾ ਕਿ ਇਹ ਨੀਤੀ ਬਣਾਉਣ ਤੋਂ ਪਹਿਲਾਂ 24 ਸਨਅਤਕਾਰਾਂ ਅਤੇ ਵਪਾਰੀਆਂ ਦੀਆਂ ਸਲਾਹਕਾਰ ਕਮੇਟੀਆਂ ਬਣਾਈਆਂ ਸਨ, ਜਿੰਨਾ ਦੀਆਂ 78 ਫੀਸਦੀ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਉਦਯੋਗਿਕ ਨੀਤੀ ਬਣਾਈ ਗਈ ਹੈ | ਬੰਦੇਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ 'ਚ ਸਿਲੀਕੋਨ ਵੈਲੀ ਦੀ ਤਰਜ਼ ਤੇ ਪੰਜਾਬ ਸਿਲੀਕੋਨ ਵੈਲੀ ਬਣਾ ਰਹੀ ਹੈ, ਜੋ ਪੰਜਾਬ ਦੇ ਉਦਯੋਗ ਲਈ ਵਰਦਾਨ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਸਨਅਤ ਜਗਤ ਪੰਜਾਬ ਸਰਕਾਰ ਦੀ ਇਸ ਬਹੁਤ ਹੀ ਵਧੀਆ ਉਦਯੋਗਿਕ ਨੀਤੀ ਸਦਕਾ ਪੰਜਾਬ ਚ ਨਿਵੇਸ਼ ਨੂੰ ਹੁਲਾਰਾ ਮਿਲੇਗਾ, ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਚ ਅਹਿਮ ਰੋਲ ਅਦਾ ਕਰੇਗਾ |