ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਕਮਿਊਨਿਟੀ ਹਾਲ ਰਣਜੀਤ ਐਵੇਨਿਊ ਅੰਮਿ੍ਤਸਰ ਵਿਖੇ ਪੰਜਾਬ ਸਰਕਾਰ ਦੀ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਮੁਹਿੰਮ ਤਹਿਤ ਉੱਦਮੀ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮਾਗਮ 'ਚ ਅੰਮਿ੍ਤਸਰ ਉੱਤਰੀ ਹਲਕੇ ਦੇ ਇੰਚਾਰਜ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮਿ੍ਤਸਰ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮਾਗਮ 'ਚ ਵਿਧਾਨ ਸਭਾ ਹਲਕਾ ਅੰਮਿ੍ਤਸਰ ਉੱਤਰੀ ਨਾਲ ਸੰਬੰਧਿਤ ਲਗਭਗ 100 ਉੱਦਮੀ ਮਹਿਲਾਵਾਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ 'ਚ ਕੀਤੇ ਜਾ ਰਹੇ ਮਹੱਤਵਪੂਰਨ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਰਿੰਟੂ ਨੇ ਕਿਹਾ ਕਿ ਅੱਜ ਮਹਿਲਾਵਾਂ ਦੀ ਭਾਗੀਦਾਰੀ ਸਮਾਜ ਦੇ ਹਰ ਅਹਿਮ ਖੇਤਰ 'ਚ ਲਗਾਤਾਰ ਵਧ ਰਹੀ ਹੈ | ਛੋਟੇ ਪੱਧਰ ਦੇ ਘਰੇਲੂ ਕਾਰੋਬਾਰਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਅਤੇ ਉਦਯੋਗਾਂ ਤੱਕ ਮਹਿਲਾਵਾਂ ਆਪਣੀ ਯੋਗਤਾ ਅਤੇ ਕਾਬਲੀਅਤ ਨਾਲ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਮਹਿਲਾਵਾਂ ਵਿੱਚ ਆਪਣੇ ਕੰਮ ਪ੍ਰਤੀ ਗੌਰਵ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ |