ਅੰਮਿ੍ਤਸਰ, 7 ਮਾਰਚ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੀ ਅਗਵਾਈ ਵਿਚ ਯੂ.ਕੇ. ਤੋਂ ਪੁੱਜੀਆਂ ਸਿੱਖ ਸੰਗਤਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੁੰਬਦ ਸਮੇਤ ਇਸ ਪਾਵਨ ਅਸਥਾਨ ਦੇ ਬਾਹਰ ਅਤੇ ਅੰਦਰ ਦੀਵਾਰਾਂ 'ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਬੀਤੇ ਦਿਨ ਆਰੰਭ ਕੀਤੀ ਸੇਵਾ ਅੱਜ ਦੂਜੇ ਦਿਨ ਵੀ ਜਾਰੀ ਰਹੀ | ਇਸ ਦੌਰਾਨ ਅੱਜ ਵੀ ਗੁਰੂ ਘਰ ਦੇ ਮੁੱਖ ਗੁੰਬਦ ਸਮੇਤ ਚਾਰੇ ਪਾਸੇ ਲੱਗੇ ਸੋਨੇ ਦੇ ਪੱਤਰਿਆਂ ਦੀ ਰਵਾਇਤੀ ਤਰੀਕੇ ਰੀਠਿਆਂ ਤੇ ਨਿੰਬੂ ਦੀ ਵਰਤੋਂ ਨਾਲ ਧੁਵਾਈ ਤੇ ਸਫਾਈ ਦੀ ਸੇਵਾ ਵਿਚ ਯੂ. ਕੇ. ਤੋਂ ਪੁੱਜੇ 70 ਦੇ ਕਰੀਬ ਸ਼ਰਧਾਲੂਆਂ ਅਤੇ ਮਾਹਿਰਾਂ ਨੇ ਹਿੱਸਾ ਲਿਆ | ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨਾਲ ਸੰਬੰਧਿਤ ਤੇ ਸੇਵਾ ਵਿਚ ਹਿੱਸਾ ਲੈ ਰਹੇ ਇੱਕ ਮੈਂਬਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਉਪਰਲੇ ਮੁੱਖ ਗੰੁੰਬਦ ਅਤੇ ਇਸ ਨਾਲ ਸੰਬੰਧਤ ਛੋਟੀਆਂ ਗੁੰਮਟੀਆਂ 'ਤੇ ਲੱਗੇ ਸੋਨ ਪੱਤਰਿਆਂ ਦੀ ਧੁਵਾਈ ਮੁਕੰਮਲ ਹੋ ਗਈ ਹੈ ਤੇ ਇਸ ਤੋਂ ਇਲਾਵਾ ਘੰਟਾ ਘਰ ਡਿਓੜੀ ਵਾਲੀ ਸਾਈਡ ਦੇ ਬਾਹਰਲੀ ਦੀਵਾਰ ਦੇ ਲੱਗੇ ਸੋਨੇ ਦੇ ਪੱਤਰਿਆਂ ਦੀ ਸੇਵਾ ਵੀ ਹੋ ਗਈ ਤੇ ਹੁਣ ਹਰਿ ਕੀ ਪਉੜੀ ਅਤੇ ਆਟਾ ਮੰਡੀ ਡਿਓੜੀ ਵਾਲੀ ਸਾਈਡ ਦੀ ਦੀਵਾਰ ਦੇ ਸੋਨੇ ਦੀ ਧੁਵਾਈ ਦੀ ਸੇਵਾ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਹ ਸੇਵਾ ਸਵੇਰੇ ਕਰੀਬ 8.30 ਤੋਂ ਸ਼ਾਮ 6.30 ਵਜੇ ਤੱਕ ਜਾਰੀ ਰਹਿੰਦੀ ਹੈ | ਇਥੇ ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਕਮੇਟੀ ਵਲੋਂ ਇਹ ਸੇਵਾ ਹਰ ਸਾਲ ਦੀ ਤਰ੍ਹਾਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ.ਕੇ. ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਨੂੰ ਸੌਂਪੀ ਗਈ ਹੈ ਤੇ ਬੀਤੇ ਦਿਨ ਸਿੰਘ ਸਾਹਿਬਾਨ ਤੇ ਸ਼੍ਰੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਇਸ ਸੇਵਾ ਦੀ ਰਸਮੀਂ ਸ਼ੁਰੂਆਤ ਕੀਤੀ ਗਈ ਸੀ |