ਅੰਮਿ੍ਤਸਰ, 7 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਸੂਬੇ ਵਿਚ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 15 ਵਿਦਰੋਹੀਆਂ ਨੂੰ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਵਲੋਂ ਜਾਰੀ ਬਿਆਨ ਅਨੁਸਾਰ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਪਹਿਲਾ ਆਪ੍ਰੇਸ਼ਨ ਹਰਨਾਈ ਜ਼ਿਲ੍ਹੇ ਵਿਚ ਹੋਇਆ, ਜਿੱਥੇ ਫੌਜ ਨੇ ਵਿਦ੍ਰੋਹੀਆਂ ਦੇ ਇਕ ਟਿਕਾਣੇ 'ਤੇ ਹਮਲਾ ਕੀਤਾ | ਭਿਆਨਕ ਗੋਲੀਬਾਰੀ ਤੋਂ ਬਾਅਦ 12 ਖਵਾਰੀਜ (ਵਿਦ੍ਰੋਹੀ) ਮਾਰੇ ਗਏ | ਦੱਸਣਯੋਗ ਹੈ ਕਿ ਪਾਕਿਸਤਾਨੀ ਸਰਕਾਰ ਨੇ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦਾ ਨਾਮ ਬਦਲ ਕੇ 'ਫਿਤਨਾ ਅਲ-ਖਵਾਰੀਜ' ਰੱਖ ਦਿੱਤਾ ਹੈ, ਜੋ ਇਤਿਹਾਸਕ ਤੌਰ 'ਤੇ ਹਿੰਸਕ ਸਮੂਹ ਨੂੰ ਦਰਸਾਉਂਦਾ ਹੈ | ਦੂਜਾ ਆਪ੍ਰੇਸ਼ਨ ਬਾਸੀਮਾ ਜ਼ਿਲ੍ਹੇ ਵਿਚ ਕੀਤਾ ਗਿਆ, ਜਿੱਥੇ ਫੌਜ ਨੇ ਅੱਤਵਾਦੀਆਂ ਦੀ ਮੌਜੂਦਗੀ ਦਾ ਪਤਾ ਲਗਾਇਆ ਅਤੇ ਉਨ੍ਹਾਂ 'ਤੇ ਹਮਲਾ ਕੀਤਾ | ਗੋਲੀਬਾਰੀ ਦੇ ਤਿੱਖੇ ਮੁਕਾਬਲੇ 'ਚ ਤਿੰਨ ਹੋਰ ਅੱਤਵਾਦੀ ਮਾਰੇ ਗਏ | ਫੌਜ ਨੇ ਮਾਰੇ ਗਏ ਅੱਤਵਾਦੀਆਂ ਤੋਂ ਵੱਡੀ ਮਾਤਰਾ ਵਿਚ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ |