ਜੰਡਿਆਲਾ ਗੁਰੂ, 2 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਵਿਚ ਬਾਅਦ ਦੁਪਹਿਰ ਇਕ ਇਨੋਵਾ ਕਾਰ ਸਵਾਰਾਂ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਅੰਧਾਧੁੰਦ ਫਾਇਰਿੰਗ ਕੀਤੀ ਗਈ ਜਿਸ ਵਿਚ ਇਨੋਵਾ ਗੱਡੀ 'ਚ ਸਵਾਰ ਇਕ ਵਿਅਕਤੀ ਦੇ ਫੱਟੜ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਵਿਚ ਪਿੰਡ ਤਿੰਮੋਵਾਲ ਦੇ ਸੁਖਦੇਵ ਸਿੰਘ ਝੰਡਾ ਅਤੇ ਉਨ੍ਹਾਂ ਦਾ ਇਕ ਸਾਥੀ ਸਵਾਰ ਸੀ ਜੋ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ ਤੋਂ ਖਡੂਰ ਸਾਹਿਬ ਵਾਲੇ ਪਾਸੇ ਨੂੰ ਜਾ ਰਹੇ ਸਨ ਅਤੇ ਕਾਰ ਅਜੇ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ 'ਤੇ ਜਾ ਰਹੀ ਸੀ ਤਾਂ ਪਿੱਛੋਂ ਨਾਲ-ਨਾਲ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਕਾਰ ਸਵਾਰਾਂ 'ਤੇ ਅੰਧਾਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਕਾਰ ਵਿਚ ਸਵਾਰ ਇਕ ਵਿਅਕਤੀ ਗੋਲੀ ਲੱਗਣ ਕਾਰਨ ਸਖ਼ਤ ਫੱਟੜ ਹੋ ਗਿਆ | ਕਾਰ ਸਵਾਰ ਆਪਣੇ ਬਚਾਅ ਲਈ ਆਪਣੀ ਕਾਰ ਨੂੰ ਸੱਜੇ-ਖੱਬੇ ਲੈ ਕੇ ਜਾਂਦੇ ਰਹੇ ਅਤੇ ਅੱਗੇ ਜਾ ਰਹੀ ਸਕੂਟਰੀ 'ਤੇ ਸਵਾਰ ਮਾਮੇ ਭਾਣਜੇ ਨੂੰ ਕਾਰ ਦੀ ਸਾਈਡ ਵੱਜ ਗਈ ਜਿਸ ਕਾਰਨ ਸਕੂਟਰੀ ਸਵਾਰਾਂ ਦੇ ਡਿੱਗਣ ਕਾਰਨ ਇੱਕ ਵਿਅਕਤੀ ਫੱਟੜ ਹੋ ਗਿਆ ਜਿਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਹਗੀਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸ਼ੇਖਫਤਾ ਤੋਂ ਆਪਣੇ ਭਣੇਵੇਂ ਨਾਲ ਆਪਣੇ ਹੱਥ ਆ ਰਹੇ ਸਨ ਅਤੇ ਇੱਕ ਤੇਜ਼ ਰਫਤਾਰ ਇਨੋਵਾ ਕਾਰ ਕਦੇ ਸੱਜੇ ਕਦੇ ਖੱਬੇ ਹੁੰਦੀ ਹੋਈ ਉਨ੍ਹਾਂ ਨੂੰ ਟੱਕਰ ਮਾਰ ਗਈ ਜਿਸ ਕਾਰਨ ਉਹ ਬਾਇਕ ਤੋਂ ਹੇਠਾਂ ਡਿੱਗਣ ਕਾਰਨ ਉਨ੍ਹਾਂ ਦਾ ਭਣੇਵਾਂ ਫੱਟੜ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਡੀ. ਐੱਸ. ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਇਨੋਵਾ ਗੱਡੀ 'ਚ ਸਵਾਰ ਸੁਖਦੇਵ ਸਿੰਘ ਝੰਡਾ ਵਾਸੀ ਤਿੰਮੋਵਾਲ ਦੇ ਨਾਲ ਬੈਠਾ ਇਕ ਵਿਅਕਤੀ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਫਾਇਰਿੰਗ ਨਾਲ ਫੱਟੜ ਹੋ ਗਿਆ ਜਿਸ ਨੂੰ ਅੰਮਿ੍ਤਸਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਘਟਨਾ ਉਪਰੰਤ ਪੁਲਿਸ ਪਾਰਟੀ ਵੀ ਮੌਕੇ 'ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ |
ਜੰਡਿਆਲਾ ਗੁਰੂ 'ਚ ਕਾਰ ਸਵਾਰਾਂ 'ਤੇ ਮੋਟਰਸਾਈਕਲ ਸਵਾਰਾਂ ਵਲੋਂ ਫਾਇਰਿੰਗ, 1 ਫੱਟੜ
ਅਜੀਤ ਡੈਸਕ
03-04-2026