ਅੰਮਿ੍ਤਸਰ, 5 ਅਪ੍ਰੈਲ (ਸੁਰਿੰਦਰ ਕੋਛੜ)-ਮੱਧ ਪੂਰਬ 'ਚ ਜਾਰੀ ਲੜਾਈ ਦੌਰਾਨ ਕੋਲੇ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਇੱਟਾਂ ਦੇ ਭਾਅ ਵੀ ਵੱਧ ਗਏ ਹਨ | ਬਿਲਡਿੰਗ ਮਟੀਰੀਅਲ ਰੇਤ, ਬਜਰੀ, ਇੱਟਾਂ, ਸੀਮੈਂਟ, ਸਰੀਆ ਆਦਿ ਦੀਆਂ ਕੀਮਤਾਂ ਦੇ ਅਸਮਾਨ ਨੂੰ ਛੂਹਣ ਕਰਕੇ ਆਮ ਆਦਮੀ ਦਾ ਘਰ ਬਣਾਉਣ ਦਾ ਸੁਪਨਾ ਚਕਨਾਚੂਰ ਹੁੰਦਾ ਪ੍ਰਤੀਤ ਹੋ ਰਿਹਾ ਹੈ | ਇਮਾਰਤੀ ਸਮਗਰੀ ਅਤੇ ਖ਼ਾਸ ਤੌਰ 'ਤੇ ਇੱਟਾਂ ਦੀ ਕੀਮਤ 'ਚ ਭਾਰੀ ਵਾਧਾ ਹੋਣ ਕਾਰਨ ਸ਼ਹਿਰਾਂ ਪਿੰਡਾਂ 'ਚ ਉਸਾਰੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ | ਉਧਰ, ਦਿਹਾੜੀਆਂ ਨਾ ਲੱਗਣ ਕਰਕੇ ਦੂਜਿਆਂ ਸੂਬਿਆਂ ਤੋਂ ਪੰਜਾਬ 'ਚ ਮਿਹਨਤ ਮਜ਼ਦੂਰੀ ਕਰਨ ਆਏ ਮਜ਼ਦੂਰ ਅਤੇ ਮਿਸਤਰੀ ਵੀ ਆਪਣੇ ਖੇਤਰਾਂ ਨੂੰ ਪਰਤਣਾ ਸ਼ੁਰੂ ਹੋ ਗਏ ਹਨ | ਇਸ ਦਾ ਸਿੱਧਾ ਅਸਰ ਲੇਬਰ ਚਾਰਜਿਜ਼ 'ਤੇ ਪਿਆ ਹੈ | ਸ਼ਹਿਰਾਂ 'ਚ ਮਜ਼ਦੂਰਾਂ ਦੀ ਗਿਣਤੀ ਘਟਣ ਕਰਕੇ ਠੇਕੇਦਾਰਾਂ ਅਤੇ ਆਪਣੇ ਪੱਧਰ 'ਤੇ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਤੇ ਮਿਸਤਰੀਆਂ ਨੇ ਲੇਬਰ ਖ਼ਰਚਿਆਂ ਨੂੰ ਵਧਾ ਦਿੱਤਾ ਹੈ | ਇਸ ਕਾਰਨ ਆਮ ਲੋਕਾਂ ਨੂੰ ਮਕਾਨ ਬਣਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਕੱਲੇ ਅੰਮਿ੍ਤਸਰ 'ਚ ਲਗਭਗ 3500 ਬਿਲਡਿੰਗ ਮਟੀਰੀਅਲ ਦੀਆਂ ਛੋਟੀਆਂ ਵੱਡੀਆਂ ਦੁਕਾਨਾਂ ਹਨ ਅਤੇ ਤਕਰੀਬਨ ਹਰ ਦੁਕਾਨ 'ਤੇ 6 ਤੋਂ 10 ਕਰਮਚਾਰੀ ਕੰਮ ਕਰਦੇ ਹਨ | ਉਸਾਰੀ ਦੇ ਸਾਮਾਨ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਉਸਾਰੀ ਦੇ ਕੰਮ ਰੁਕਣ ਨਾਲ ਜਿੱਥੇ ਹਜ਼ਾਰਾਂ ਮਜ਼ਦੂਰ ਤੇ ਮਿਸਤਰੀ ਬੇਰੁਜ਼ਗਾਰ ਹੋ ਗਏ ਹਨ ਅਤੇ ਉੱਥੇ ਹੀ ਦੁਕਾਨਦਾਰਾਂ ਲਈ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ ਮੁਸ਼ਕਿਲ ਹੋ ਗਈਆਂ ਹਨ | ਅੰਮਿ੍ਤਸਰ ਬਿਲਡਿੰਗ ਮੈਟੀਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ 'ਅਜੀਤ' ਨੂੰ ਦੱਸਿਆ ਕਿ ਬਿਲਡਿੰਗ ਮਟੀਰੀਅਲ ਦੇ ਭਾਅ 'ਚ ਹੋਏ ਬੇਤਹਾਸ਼ਾ ਵਾਧੇ ਨਾਲ ਜਿੱਥੇ ਕਾਰੋਬਾਰੀਆਂ 'ਚ ਘਬਰਾਹਟ ਬਣੀ ਹੋਈ ਹੈ, ਉੱਥੇ ਹੀ ਗਾਹਕ ਵੀ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ 'ਚ ਵਪਾਰ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਚੁੱਕਿਆ ਹੈ | ਅੰਮਿ੍ਤਸਰ ਕੀਲਣ ਐਂਡ ਬਿ੍ਕ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੰਦਾ ਨੇ ਕਿਹਾ ਕਿ ਕੋਲਾ ਵਪਾਰੀਆਂ ਵਲੋਂ ਮਨਮਾਨੇ ਢੰਗ ਨਾਲ ਸੀਜ਼ਨ ਦੌਰਾਨ ਕੋਲੇ ਦੇ ਮੁੱਲ 'ਚ ਕੀਤੇ ਗਏ ਭਾਰੀ ਵਾਧੇ ਨਾਲ ਇੱਟ ਭੱਠਾਂ ਮਾਲਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ | ਨੰਦਾ ਨੇ ਕਿਹਾ ਕਿ ਕੱਝ ਕੋਲਾ ਵਪਾਰੀਆਂ ਵਲੋਂ ਮਨਮਾਨੇ ਢੰਗ ਨਾਲ ਕੋਲੇ ਦਾ ਭਾਅ ਵਧਾਉਣ ਤੋਂ ਇਲਾਵਾ ਅਪ੍ਰੈਲ 'ਚ ਸੀਜ਼ਨ ਸਿਖਰ 'ਤੇ ਹੋਣ ਦਾ ਫ਼ਾਇਦਾ ਉਠਾਉਂਦੇ ਹੋਏ ਸਪਲਾਈ ਵੀ ਘੱਟ ਕਰ ਦਿੱਤੀ ਗਈ ਹੈ, ਜਿਸ ਨਾਲ ਹੋਰਨਾ ਸੂਬਿਆਂ ਵਾਂਗ ਅੰਮਿ੍ਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿ੍ਹਆਂ ਦੇ ਇੱਟ ਭੱਠਾ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਰਤ 'ਚ ਕੋਲਾ ਆਯਾਤ ਕਰਨ ਵਾਲੇ 4-5 ਵੱਡੇ ਘਰਾਣਿਆਂ ਨੇ ਸਾਰੇ ਭਾਰਤ ਦੀ ਕੋਲਾ ਮਾਰਕੀਟ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਮਨਮਾਨੇ ਢੰਗ ਨਾਲ ਕੋਲੇ ਦੀ ਕਾਲਾ ਬਾਜ਼ਾਰੀ ਕਰ ਰਹੇ ਹਨ |
ਇੱਟਾਂ ਦੇ ਵਧੇ ਭਾਅ ਨਾਲ ਉਸਾਰੀ ਦੇ ਕੰਮ ਹੋ ਰਹੇ ਪ੍ਰਭਾਵਿਤ <br/>
ਅਜੀਤ ਡੈਸਕ
06-04-2026