ਅੰਮਿ੍ਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਅੰਮਿ੍ਤਸਰ ਦੇ 29ਵੇਂ ਸਥਾਪਨਾ ਦਿਵਸ 'ਤੇ ਪਿ੍ੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਹਵਨ ਯੱਗ ਕਰਵਾਇਆ ਗਿਆ | ਪਿ੍ੰਸੀਪਲ ਡਾ. ਅੰਜਨਾ ਗੁਪਤਾ, ਫੈਕਲਟੀ ਅਤੇ ਵਿਦਿਆਰਥੀਆਂ ਨੇ ਹਵਨ ਯੱਗ 'ਚ ਆਹੂਤੀਆਂ ਦਿੱਤੀਆਂ ਅਤੇ ਸਾਰਿਆਂ ਦੇ ਚੰਗੇ ਭਵਿੱਖ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਪਿ੍ੰਸੀਪਲ ਡਾ. ਅੰਜਨਾ ਗੁਪਤਾ ਨੇ ਸਾਰਿਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਦੀ ਸਥਾਪਨਾ 1998 'ਚ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਤੋਂ ਪ੍ਰੇਰਨਾ ਲੈ ਕੇ ਕੀਤੀ ਗਈ ਸੀ | ਸਿੱਖਿਆ ਦੇ ਇਸ ਮੰਦਰ ਦੀ ਸਥਾਪਨਾ ਦਾ ਟੀਚਾ ਬੱਚਿਆਂ ਨੂੰ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਦੇ ਆਦਰਸ਼ ਨਾਗਰਿਕ ਬਣਾਉਣਾ ਸੀ | ਉਨ੍ਹਾਂ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਆਪਣੇ ਸਕੂਲ ਦੀ ਸ਼ਾਨ ਵਧਾਉਣ ਲਈ ਅਣਥੱਕ ਮਿਹਨਤ ਕਰਨ ਦੀ ਤਾਕੀਦ ਕੀਤੀ | ਪਦਮ ਸ੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ. ਏ. ਵੀ. ਪ੍ਰਬੰਧਕ ਕਮੇਟੀ ਨਵੀਂ ਦਿੱਲੀ ਅਤੇ ਵੀ. ਕੇ. ਚੋਪੜਾ, ਡਾਇਰੈਕਟਰ ਡੀ. ਏ. ਵੀ. ਪਬਲਿਕ ਸਕੂਲਜ਼ ਮੈਨੇਜਿੰਗ ਕਮੇਟੀ ਨੇ ਵੀ ਸਕੂਲ ਦੇ 29ਵੇਂ ਸਥਾਪਨਾ ਦਿਵਸ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |