ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਸਾਕੇ ਦਾ 107ਵਾਂ ਸਾਲਾਨਾ ਸ਼ਹੀਦੀ ਸਮਾਗਮ 13 ਅਪ੍ਰੈਲ ਨੂੰ ਦੁਪਹਿਰ 3 ਵਜੇ ਹੋਵੇਗਾ | ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਆਯੋਜਿਤ ਇਸ ਸਮਾਗਮ 'ਚ ਆਰ. ਐੱਸ. ਐੱਸ. (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਸਹਿ-ਸਰਕਾਰਿਆਵਾਹ (ਜਨਰਲ ਸਕੱਤਰ) ਡਾ: ਕ੍ਰਿਸ਼ਨ ਗੋਪਾਲ ਮੁੱਖ ਮਹਿਮਾਨ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਸਕੱਤਰ ਸੁਕੁਮਾਰ ਮੁਖਰਜੀ, ਟਰੱਸਟੀ ਅਤੇ ਸਾਬਕਾ ਸੰਸਦ ਮੈਂਬਰ ਸ: ਤਰਲੋਚਨ ਸਿੰਘ, ਇੰਜ. ਸ਼ਵੇਤ ਮਲਿਕ ਵਲੋਂ ਇਸ ਬਾਰੇ ਜਾਰੀ ਸੱਦਾ ਪੱਤਰ 'ਚ ਦੱਸਿਆ ਗਿਆ ਹੈ ਕਿ ਜਲਿ੍ਹਆਂਵਾਲਾ ਬਾਗ 'ਚ ਆਯੋਜਿਤ ਸਮਾਗਮ 'ਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਿਆਸੀ ਆਗੂ, ਪ੍ਰਸ਼ਾਸਨਿਕ ਅਧਿਕਾਰੀ, ਸਮਾਜਿਕ ਜਥੇਬੰਦੀਆਂ ਦੇ ਕਾਰਕੁਨ, ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਹੋਰ ਸਵਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰ ਅਤੇ ਆਮ ਲੋਕ ਸ਼ਹੀਦੀ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ | ਇਸ ਮੌਕੇ ਪੰਚਰੰਗ ਆਰਟਿਸਟ ਗਰੁੱਪ ਵਲੋਂ ਜਲਿ੍ਹਆਂਵਾਲਾ ਬਾਗ 'ਚ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ | ਇਨ੍ਹਾਂ ਮੁਕਾਬਲਿਆਂ 'ਚ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ ਅਤੇ ਜਲਿ੍ਹਆਂਵਾਲਾ ਬਾਗ ਦੇ ਇਤਿਹਾਸ ਨਾਲ ਸੰਬੰਧਿਤ ਪੇਂਟਿੰਗਜ਼ ਬਣਾ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨਗੇ |