ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਵਾਧੂ ਆਰਥਿਕ ਸਹਾਇਤਾ ਦਾ ਵਾਅਦਾ ਕੀਤਾ ਹੈ, ਜਿਸ ਨਾਲ ਮੌਜੂਦਾ 5 ਅਰਬ ਡਾਲਰ ਦੇ ਕਰਜ਼ੇ ਦੀ ਅਦਾਇਗੀ ਦੀ ਮਿਆਦ ਤਿੰਨ ਸਾਲ ਤੱਕ ਵਧ ਗਈ ਹੈ | ਪਾਕਿ ਨੂੰ ਇਹ ਸਹਾਇਤਾ ਉਦੋਂ ਮਿਲੀ ਹੈ ਜਦੋਂ ਉਹ ਇਸ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 3.5 ਅਰਬ ਡਾਲਰ ਵਾਪਸ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਦਬਾਅ ਪੈ ਰਿਹਾ ਹੈ | ਪਾਕਿਸਤਾਨੀ ਮੀਡੀਆ ਦੇ ਅਨੁਸਾਰ ਪਾਕਿ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕਿਹਾ ਕਿ ਸਾਊਦੀ ਅਰਬ ਨੇ ਬੈਂਕ ਆਫ਼ ਪਾਕਿਸਤਾਨ 'ਚ 3 ਅਰਬ ਅਮਰੀਕੀ ਡਾਲਰ ਵਾਧੂ ਜਮ੍ਹਾਂ ਕਰਨ ਅਤੇ ਆਪਣੀ ਮੌਜੂਦਾ 5 ਅਰਬ ਅਮਰੀਕੀ ਡਾਲਰ ਦੀ ਸਹੂਲਤ ਨੂੰ ਹੋਰ ਤਿੰਨ ਸਾਲਾਂ ਲਈ ਵਧਾਉਣ ਦਾ ਵਾਅਦਾ ਕੀਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਾਊਦੀ ਅਰਬ ਵਲੋਂ ਮੌਜੂਦਾ ਸਮੇਂ 'ਚ ਜਮ੍ਹਾ ਕੀਤੇ ਗਏ 5 ਅਰਬ ਅਮਰੀਕੀ ਡਾਲਰ ਹੁਣ ਪਿਛਲੀ ਸਾਲਾਨਾ ਮੁੜ ਅਦਾਇਗੀ ਵਿਵਸਥਾ ਦੇ ਅਧੀਨ ਨਹੀਂ ਰਹਿਣਗੇ ਅਤੇ ਇਸ ਦੀ ਬਜਾਏ ਇਸ ਨੂੰ ਲੰਬੇ ਸਮੇਂ ਲਈ ਵਧਾਇਆ ਜਾਵੇਗਾ | ਸਾਊਦੀ ਅਰਬ ਦੀ ਇਹ ਤਾਜ਼ਾ ਸਹਾਇਤਾ ਪਾਕਿ ਦੇ ਬਾਹਰੀ ਕਰਜ਼ੇ ਦੀ ਅਦਾਇਗੀ ਲਈ ਇਕ ਮਹੱਤਵਪੂਰਨ ਸਮੇਂ 'ਤੇ ਆਈ ਹੈ ਅਤੇ ਇਹ ਇਸ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਅਤੇ ਇਸ ਦੇ ਬਾਹਰੀ ਖਾਤੇ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗੀ |