ਅੰਮਿ੍ਤਸਰ, 15 ਅਪ੍ਰੈਲ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਵਲੋਂ ਹਰਿਆਵਲ ਫਾਊਾਡੇਸ਼ਨ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ 'ਆਈ ਵਿਸਾਖੀ' ਵਿਰਸਾ ਵਿਖੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ | ਇਸ ਮੌਕੇ ਸੁਮਿਤ ਪੁਰੀ ਅਤੇ ਰਿਤੂ ਪੁਰੀ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆ ਵਲੋਂ ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ ਪੇਸ਼ ਕੀਤਾ ਗਿਆ ਅਤੇ ਨਿੱਕੇ ਨਿੱਕੇ ਬੱਚਿਆਂ ਵਲੋਂ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ 'ਤੇ ਮੰਚ ਸੰਚਾਲਨ ਕਰਦੇ ਹੋਏ ਗਾਇਕ ਅਤੇ ਸੰਗੀਤਕਾਰ ਹਰਿੰਦਰ ਸੋਹਲ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਵਿਰਸਾ ਵਿਹਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਵਿਰਸਾ ਵਿਹਾਰ ਵਲੋਂ ਪੰਜਾਬੀ ਸਭਿਆਚਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ | ਜਿਸ ਦੇ ਨਾਲ ਨਵੇਂ ਕਲਾਕਾਰਾਂ ਅਤੇ ਬੱਚਿਆ ਦੀ ਬਹੁਤ ਹੌਸਲਾ ਅਫਜਾਈ ਹੁੰਦੀ ਹੈ | ਇਸ ਮੌਕੇ 'ਤੇ ਜਗਤ ਜੋਤੀ ਸੀ: ਸੈਕੰਡਰੀ ਸਕੂਲ , ਰੋਜ਼ ਬਰਡਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਹੈਲੋ ਇੰਟਰਨੈਸ਼ਨਲ ਭੰਗੜਾ ਅਕੈਡਮੀ ਦੇ ਬੱਚਿਆਂ ਵਲੋਂ ਭੰਗੜਾ, ਗਿੱਧਾ ਪੇਸ਼ ਕਰਕੇ ਪ੍ਰੋਗਰਾਮ ਨੂੰ ਰੰਗੀਨ ਬਣਾਇਆ | ਇਸ ਮੌਕੇ 'ਤੇ ਵਿਰਸਾ ਵਿਹਾਰ ਸੁਸਾਇਟੀ ਵਲੋਂ ਭੁਪਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਗੰਡੀਵਿੰਡ, ਟੀ. ਐੱਸ. ਰਾਜਾ, ਗੁਰਸੇਵਕ ਸਿੰਘ ਨਾਗੀ ਅਤੇ ਗੁਰਦੇਵ ਸਿੰਘ ਮਹਿਲਾਂ ਵਾਲੇ ਵਲੋਂ ਬੱਚਿਆਂ ਅਤੇ ਆਈਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |