ਚੌਕ ਮਹਿਤਾ, 15 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਬੀਤੇ ਕੱਲ੍ਹ ਦੀ ਰਾਤ ਨੂੰ ਮਹਿਤਾ ਚੌਂਕ-ਬਟਾਲਾ ਰੋਡ 'ਤੇ ਸਥਿਤ ਇਕ ਘਰ ਵਿਚ ਬਿਜਲੀ ਦੇ ਸਰਕਟ ਸ਼ਾਰਟ ਹੋਣ ਨਾਲ ਅੱਗ ਲੱਗ ਗਈ, ਜਿਸ ਨਾਲ ਮਕਾਨ ਦੀ ਹੇਠਲੀ ਮੰਜ਼ਿਲ ਦੇ ਸਾਰੇ ਹੀ ਪੰਜ ਕਮਰੇ ਅਤੇ ਉਨ੍ਹਾਂ ਵਿਚ ਰੱਖਿਆ ਸਾਮਾਨ, ਸੋਫੇ, ਡਬਲ ਬੈੱਡ ਆਦਿ ਬੁਰੀ ਤਰ੍ਹਾਂ ਸੜ ਗਏ | ਘਰ ਦੀ ਮਾਲਕਣ ਕੁਲਦੀਪ ਕੌਰ ਪਤਨੀ ਸਵ: ਹੀਰਾ ਸਿੰਘ ਅਤੇ ਉਨ੍ਹਾਂ ਦੀ ਪੁੱਤਰੀ ਅੰਗਰੇਜ਼ ਕੌਰ ਦੇ ਦੱਸਣ ਮੁਤਾਬਿਕ, ਜਦ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਹੋ ਜਾਣ ਨਾਲ ਕਮਰੇ ਨੂੰ ਅੱਗ ਲੱਗੀ ਤਾਂ ਸਭ ਤੋਂ ਪਹਿਲਾਂ ਕੰਧ ਨਾਲ ਲੱਗੀ ਐੱਲ. ਸੀ. ਡੀ. ਵਿਚ ਬੜੇ ਜ਼ੋਰ ਨਾਲ ਧਮਾਕਾ ਹੋਇਆ | ਨੇੜੇ ਹੀ ਡਬਲ ਬੈੱਡ 'ਤੇ ਸੁੱਤਾ ਇਕ ਛੋਟਾ ਬੱਚਾ ਧਮਾਕੇ ਦੀ ਆਵਾਜ਼ ਸੁਣ, ਡਰ ਕੇ ਪੌੜੀਆਂ ਰਾਹੀਂ ਉੱਪਰਲੀ ਮੰਜ਼ਿਲ 'ਤੇ ਪਹੁੰਚ ਗਿਆ ਪਰ ਥੋੜੀ ਹੀ ਦੇਰ ਵਿਚ ਅੱਗ ਦੀਆਂ ਲੱਪਟਾਂ ਨੇ ਸਾਰੇ ਘਰ ਨੂੰ ਆਪਣੇ ਗਿ੍ਫ਼ਤ ਵਿਚ ਲੈ ਲਿਆ | ਰੌਲਾ ਪੈਣ 'ਤੇ ਆਂਢੀ-ਗੁਆਂਢੀ ਇਕੱਠੇ ਹੋ ਗਏ | ਸੂਚਨਾ ਮਿਲਣ 'ਤੇ ਪੁਲਿਸ ਦੇ ਸਹਾਇਕ ਸਬ ਇੰਸ. ਪਲਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਨਿਰਵੈਰ ਸਿੰਘ ਵੀ ਉੱਥੇ ਪਹੁੰਚ ਗਏ | ਉਨ੍ਹਾਂ ਨੇ ਬੜੀ ਮਿਹਨਤ ਕਰਕੇ ਲੋਕਾਂ ਦੀ ਮਦਦ ਨਾਲ ਰਸੋਈ 'ਚ ਪਏ ਹੋਏ ਗੈਸ ਸਿਲੰਡਰ ਨੂੰ ਬਾਹਰ ਕੱਢ ਲਿਆ | ਉਨ੍ਹਾਂ ਦੱਸਿਆ ਕਿ ਜੇ ਸਿਲੰਡਰ ਫਟ ਜਾਂਦਾ ਤਾਂ ਉਨ੍ਹਾਂ ਦੇ ਘਰ ਦੇ ਨਾਲ ਨਾਲ ਨੇੜੇ ਤੇੜੇ ਦੀਆਂ ਬਿਲਡਿੰਗਾਂ ਦਾ ਵੀ ਬੜਾ ਨੁਕਸਾਨ ਹੋਣ ਦੀ ਸੰਭਾਵਨਾ ਸੀ | ਲੋਕਾਂ ਨੇ ਬੜੀ ਮਿਹਨਤ ਨਾਲ ਉੱਪਰਲੀ ਮੰਜ਼ਿਲ 'ਤੇ ਫਸੇ ਹੋਏ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ | ਅੱਗ ਲੱਗਣ ਨਾਲ ਘਰ ਵਿਚ ਲੱਗੇ ਤਿੰਨ ਏ. ਸੀ., ਦੋ ਐੱਲ. ਸੀ. ਡੀ., ਸੋਫੇ, ਡਬਲ ਬੈੱਡ, ਆਰ. ਓ. ਅਤੇ ਘਰ ਦਾ ਹੋਰ ਸਾਰਾ ਹੀ ਸਾਮਾਨ ਬੁਰੀ ਤਰ੍ਹਾਂ ਸੜ ਗਿਆ | ਅੱਗ ਇੰਨੀ ਜਬਰਦਸਤ ਸੀ ਕਿ ਛੱਤਾਂ ਉੱਤੇ ਲੱਗੇ ਹੋਏ ਪੱਖਿਆਂ ਦੇ ਬਲੇਡ ਵੀ ਗਰਮ ਹੋ ਕੇ ਹੇਠਾਂ ਨੂੰ ਲਟਕ ਗਏ | ਬੇਸ਼ਕ ਇਸ ਅਗਨੀ ਕਾਂਡ ਨਾਲ ਘਰ ਦਾ ਸਾਰਾ ਹੀ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਪਰ ਸਾਰੇ ਪਰਿਵਾਰ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਪਰਿਵਾਰ ਦੇ ਕਿਸੇ ਵੀ ਜੀਅ ਦਾ ਜਾਨੀ ਨੁਕਸਾਨ ਹੋਣ ਤੋਂ ਚਮਤਕਾਰੀ ਢੰਗ ਨਾਲ ਬਚਾਅ ਹੋ ਗਿਆ ਹੈ | ਪਰਿਵਾਰਕ ਮੈਂਬਰਾਂ ਨੇ ਭਰੇ ਹੋਏ ਮਨ ਨਾਲ ਗੁਹਾਰ ਲਗਾਉਂਦਿਆਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਹੋ ਚੁੱਕੇ ਬਹੁਤ ਵੱਡੇ ਨੁਕਸਾਨ ਦੀ ਪੂਰਤੀ ਲਈ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ |