ਅੰਮਿ੍ਤਸਰ, 17 ਅਪ੍ਰੈਲ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਬੱਚਿਆਂ ਵਲੋਂ ਪੇਸ਼ ਕੀਤੀਆਂ ਧਾਰਮਿਕ ਤੇ ਸਭਿਆਚਾਰਕ ਪੇਸ਼ਕਾਰੀਆਂ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਮਾਂ-ਬੋਲੀ ਪੰਜਾਬੀ ਦਾ ਰੰਗ ਵਿਸ਼ੇਸ਼ ਤੌਰ 'ਤੇ ਵੇਖਣ ਨੂੰ ਮਿਲਿਆ | ਇਸ ਪ੍ਰੋਗਰਾਮ ਵਿਚ ਸਕੂਲ ਦੇੇ ਮੈਂਬਰ ਇੰਚਾਰਜ ਆਦਰਸ਼ਪਿੰਦਰ ਸਿੰਘ ਮਾਨ, ਰਬਿੰਦਰਬੀਰ ਸਿੰਘ ਭੱਲਾ, ਸਰਜੋਤ ਸਿੰਘ ਸਾਹਨੀ ਦਾ ਸਕੂਲ ਪਿ੍ੰਸੀਪਲ /ਅਸਿਸਟੈਂਟ ਡਾਇਰੈਕਟਰ ਕਵਲਪ੍ਰੀਤ ਕੌਰ ਅਤੇ ਮੁੱਖ ਅਧਿਆਪਕਾਵਾਂ ਵਲੋਂ ਸੁਆਗਤ ਕੀਤਾ ਗਿਆ | ਸ਼ਬਦ ਗਾਇਣ ਉਪਰੰਤ ਛੋਟੇ -ਛੋਟੇ ਬੱਚਿਆਂ ਨੇ ਸੁਆਗਤੀ ਨਾਚ ਰਾਹੀਂ ਆਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ | ਵਿਦਿਆਰਥੀਆਂ ਵਲੋਂ ਨਾਟਕ ਦੇ ਰੂਪ ਵਿਚ ਇਤਿਹਾਸਕ ਪੇਸ਼ਕਾਰੀ, ਮਾਂ -ਬੋਲੀ ਪੰਜਾਬੀ ਨਾਲ ਸੰਬੰਧਿਤ ਗੀਤ ਰਾਹੀਂ ਦਰਸ਼ਕਾਂ ਨੂੰ ਮੰਤਰ ਮੁਗ਼ਧ ਕੀਤਾ ਗਿਆ | ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਨੇ ਵੀ ਰੰਗ ਬੰਨਿਆਂ | ਸਾਲ 2025-26 ਦੇ ਸੈਸ਼ਨ ਵਿਚ ਪੰਜਵੀਂ ਜਮਾਤ ਵਿਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਿਵਿਦਆਰਥੀਆਂ ਦੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ | ਮੈਂਬਰ ਇੰਚਾਰਜ ਰਬਿੰਦਰਬੀਰ ਸਿੰਘ ਭੱਲਾ ਨੇ ਕਿਹਾ ਕਿ ਦੀਵਾਨ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਧਾਰਮਿਕ ਅਤੇ ਸਭਿਆਚਾਰਕ ਤਿਉਹਾਰ ਮਨਾ ਕੇ ਨਵੀਂ ਪਨੀਰੀ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜੀ ਰੱਖਣ ਲਈ ਯਤਨ ਕੀਤੇ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ | ਮੈਂਬਰ ਇੰਚਾਰਜ ਆਦਰਸ਼ਪਿੰਦਰ ਸਿੰਘ ਮਾਨ, ਸਰਜੋਤ ਸਿੰਘ ਸਾਹਨੀ ਅਤੇ ਪਿ੍ੰਸੀਪਲ ਕਵਲਪ੍ਰੀਤ ਕੌਰ ਨੇ ਵੀ ਬੱਚਿਆਂ ਦੁਆਰਾ ਪੇਸ਼ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾ ਣੂੰ ਕਰਾਉਂਦੇ ਹੋਏ ਸਿੱਖੀ ਸਰੂਪ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਨਿਸ਼ਚਿੰਤ ਕਾਹਲੋਂ, ਗੁਰਸ਼ਰਨ ਕੌਰ, ਮਨਵਿੰਦਰ ਭੁੱਲਰ, ਰਵਿੰਦਰ ਕੌਰ ਨਰੂਲਾ, ਸੁਪਰਵਾਈਜਰ ਨਵਨਿੰਦਰ ਕੌਰ, ਮਨਪ੍ਰੀਤ ਕੌਰ ਖੁਰਾਨਾ, ਪਰਮਿੰਦਰ ਉੱਪਲ ਆਦਿ ਵੀ ਹਾਜ਼ਰ ਸਨ |