ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਆਈ. ਡੀ. ਐੱਚ. ਮਾਰਕੀਟ ਬੁਨਿਆਦੀ ਸਹੂਲਤਾਂ ਤੋਂ ਸੱਖਣੀ <br/>
ਇੰਫੈਕਸ਼ੀਅਸ ਡਿਸੀਜ਼ ਹਸਪਤਾਲ ਦੇ ਨਾਂਅ 'ਤੇ ਉਸਾਰੀ ਗਈ ਆਈ. ਡੀ. ਐੱਚ. ਮਾਰਕੀਟ 'ਚ ਬੇਤਰਤੀਬ ਖੜ੍ਹੇ ਵਾਹਨ | ਤਸਵੀਰਾਂ : ਹਰਜੀਤ ਸਿੰਘ
<br/>
23-04-2026
ਦੁਕਾਨਦਾਰਾਂ ਨੇ ਕਿਹਾ ਕਿ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਅਤੇ ਮਾਰਕੀਟ 'ਚ ਬਰਸਾਤ ਅਤੇ ਉਸ ਤੋਂ ਇਲਾਵਾ ਵੀ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਕਾਰਨ ਇੱਥੇ ਆਉਣ ਵਾਲੇ ਗਾਹਕਾਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਕਤ ਮਾਰਕੀਟਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅੰਮਿ੍ਤਸਰ ਦੀ ਸਭ ਤੋਂ ਵੱਡੀ ਮਾਰਕੀਟ ਹੋਣ ਦੇ ਬਾਵਜੂਦ ਇਸ ਦੇ ਵਿਕਾਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜਿੱਥੇ ਦੁਕਾਨਾਂ ਦੇ ਅੱਗੇ ਖੜ੍ਹੇ ਬੇਤਰਤੀਬ ਵਾਹਨ ਗਾਹਕਾਂ ਅਤੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਰਹਿੰਦੇ ਹਨ, ਉੱਥੇ ਹੀ ਮਾਰਕੀਟ 'ਚ ਬਿਜਲੀ ਅਤੇ ਟੈਲੀਫ਼ੋਨ ਦੀਆਂ ਤਾਰਾਂ ਦੇ ਲਟਕ ਰਹੇ ਜਾਲ ਵੀ ਮੁਸ਼ਕਿਲਾਂ ਪੈਦਾ ਕਰ ਰਹੇ ਹਨ |
ਹਸਪਤਾਲ ਦੀ ਜਗ੍ਹਾ 'ਤੇ ਬਣਾਈ ਗਈ ਮਾਰਕੀਟ
ਆਈ. ਡੀ. ਐੱਚ. ਮਾਰਕੀਟ ਦੇ ਸਥਾਨ 'ਤੇ ਸ਼ੇਰ-ਏੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਕੋਹੜ ਦੇ ਰੋਗੀਆਂ ਲਈ ਇਕ ਸਰਾਂ ਬਣਵਾਈ ਗਈ ਸੀ | ਸੰਨ 1871 'ਚ ਇਹ ਜਗ੍ਹਾ ਸਰਕਾਰੀ ਆਬਕਾਰੀ ਵਿਭਾਗ ਨੂੰ ਦੇ ਦਿੱਤੀ ਗਈ | ਸੰਨ 1898 ਤੱਕ ਇਸ ਦੀ ਜਗ੍ਹਾ 'ਤੇ ਮੈਸਰਜ਼ ਏ. ਈ. ਐਂਡ ਈ. ਜੇ. ਡਾਇਰ ਨਾਂਅ ਦੀ ਸ਼ਰਾਬ ਫ਼ੈਕਟਰੀ ਕਾਇਮ ਰਹੀ, ਜਿਸ ਨੂੰ ਬਾਅਦ ਵਿਚ ਖ਼ਾਸਾ ਪਿੰਡ 'ਚ ਤਬਦੀਲ ਕਰ ਦਿੱਤਾ ਗਿਆ | ਸੰਨ 1925 'ਚ ਖ਼ਾਲੀ ਪਈ ਸ਼ਰਾਬ ਫ਼ੈਕਟਰੀ 'ਚ ਇੰਫੈਕਸ਼ੀਅਸ ਡਿਸੀਜ਼ ਹਸਪਤਾਲ ਸ਼ੁਰੂ ਕੀਤਾ ਗਿਆ, ਜਿੱਥੇ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ | ਦੇਸ਼ ਦੀ ਵੰਡ ਦੇ ਬਾਅਦ ਲੰਬੇ ਸਮੇਂ ਤੱਕ ਉਕਤ ਹਸਪਤਾਲ ਦੀ ਇਮਾਰਤ ਸ਼ਰਨਾਰਥੀ ਕੈਂਪ ਵਜੋਂ ਵੀ ਵਰਤੀ ਜਾਂਦੀ ਰਹੀ |