ਸੁਲਤਾਨਵਿੰਡ, 22 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਦੇ ਅਧੀਨ ਆਉਂਦੇ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਵਿਖੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਖੁੱਲ੍ਹੇ ਅਤੇ ਟੁੱਟੇ ਹੋਏ ਢੱਕਣਾਂ ਕਾਰਨ ਜਿੱਥੇ ਇਲਾਕਾ ਵਾਸੀਆਂ ਨੂੰ ਲੰਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਇਸ ਗੰਭੀਰ ਮਸਲੇ ਤੋਂ ਪੂਰੀ ਤਰ੍ਹਾਂ ਬੇਫਿਕਰ ਨਜ਼ਰ ਆ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰਾਹੀ, ਜਗਰੂਪ ਸਿੰਘ ਗਿੱਲ, ਡਾਕਟਰ ਦਲਬੀਰ ਸਿੰਘ, ਪਿ੍ਤਪਾਲ ਸਿੰਘ, ਨਰਿੰਦਰ ਸਿੰਘ, ਮੁਖਤਾਰ ਸਿੰਘ ਅਤੇ ਹੋਰ ਇਲਾਕਾ ਵਾਸੀਆਂ ਨੇ ਦੱਸਿਆ ਕਿ ਭਾਈ ਗੁਰਦਾਸ ਜੀ ਨਗਰ ਅੰਦਰ ਸੜਕਾਂ ਦੇ ਨਾਲ ਸੈਰ ਕਰਨ ਲਈ ਬਣੀਆਂ ਪਟੜੀਆਂ 'ਤੇ ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ | ਇਨ੍ਹਾਂ ਖੁੱਲ੍ਹੇ ਗੱਟਰਾਂ ਕਾਰਨ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਵਿਚ ਹਮੇਸ਼ਾਂ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ | ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਅਚਾਨਕ ਪੈਰ ਤਿਲਕਣ ਜਾਂ ਠੇਡਾ ਲੱਗਣ ਕਾਰਨ ਕੋਈ ਵੀ ਵਿਅਕਤੀ ਇਨ੍ਹਾਂ ਡੂੰਘੇ ਗਟਰਾਂ ਵਿਚ ਡਿੱਗ ਕੇ ਆਪਣੀ ਜਾਨ ਗੁਆ ਸਕਦਾ ਹੈ | ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਸਬੰਧਿਤ ਵਿਭਾਗ ਨੇ ਇਸ ਖਤਰੇ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੱਡੇ ਜਾਨੀ ਨੁਕਸਾਨ ਦੇ ਇੰਤਜ਼ਾਰ ਕਰਨ ਦੀ ਬਜਾਏ, ਇਨ੍ਹਾਂ ਟੁੱਟੇ ਹੋਏ ਢੱਕਣਾਂ ਨੂੰ ਜਲਦੀ ਤੋਂ ਜਲਦੀ ਬਦਲ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ |