ਵੇਰਕਾ, 26 ਅਪ੍ਰੈਲ (ਦੀਦਾਰ ਸਿੰਘ)-ਹਾਲ ਹੀ ਵਿਚ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪੰਜਾਬ ਸਰਕਾਰ ਦੇ ਮਿਥੇ ਪ੍ਰੋਗਰਾਮ ਅਨੁਸਾਰ ਹਰ ਹਲਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸੇ ਹੀ ਲੜੀ ਤਹਿਤ ਹਲਕਾ ਅੰਮਿ੍ਤਸਰ ਉੱਤਰੀ ਦੇ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਦੁਆਰਾ ਆਪਣੀ ਟੀਮ ਨਾਲ ਗੰਡਾ ਸਿੰਘ ਚੌਂਕ ਮਜੀਠਾ ਰੋਡ ਵਿਖੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਹੱਥਾਂ ਵਿਚ ਗਦਾਰ ਤੱਕ ਦੀਆਂ ਤਖਤੀਆਂ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ | ਇਸ ਮੌਕੇ ਸੰਗਠਨ ਇੰਚਾਰਜ ਸਰਦਾਰ ਵਿਸਾਖਾ ਸਿੰਘ ਔਲਖ, ਐਸ. ਸੀ. ਵਿੰਗ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਕਾਲਾ ਮਹਿਲਾ ਵਿੰਗ ਦੇ ਬਲਾਕ ਇੰਚਾਰਜ ਮੈਡਮ ਮੋਨਿਕਾ ਤਿਆਗੀ ਯੂਥ ਵਿੰਗ ਦੇ ਪ੍ਰਧਾਨਾਂ ਤੇ ਬਲਾਕ ਇੰਚਾਰਜਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਵੀ ਹਾਜ਼ਰ ਸਨ |
ਸੋਨੀਆ ਮਾਨ ਦੀ ਅਗਵਾਈ ਹੇਠ ਰਾਜਾਸਾਂਸੀ 'ਚ ਪੁਤਲੇ ਫੂਕੇ
ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)-ਸੰਸਦ ਰਾਘਵ ਚੱਢਾ ਸਮੇਤ ਸੱਤ ਮੈਂਬਰਾਂ ਨੇ ਈ. ਡੀ. ਦੇ ਡਰ ਤੇ ਭਾਜਪਾ ਦੇ ਦਬਾਅ ਹੇਠ ਪੰਜਾਬ ਨਾਲ ਗਦਾਰੀ ਕੀਤੀ ਹੈ | ਇਹ ਪ੍ਰਗਟਾਵਾ ਨਸ਼ਾ ਮੁਕਤੀ ਮੋਰਚਾ ਪੰਜਾਬ ਸੂਬੇ ਦੇ ਪ੍ਰਧਾਨ ਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਨੇ ਕਸਬਾ ਰਾਜਾਸਾਂਸੀ ਵਿਖੇ ਰਾਘਵ ਚੱਢਾ ਤੇ ਸੰਦੀਪ ਪਾਠਕ ਸਮੇਤ 'ਆਪ' ਛੱਡ ਭਾਜਪਾ 'ਚ ਸ਼ਾਮਿਲ ਹੋਏ ਸੱਤ ਸੰਸਦ ਮੈਂਬਰਾਂ ਦੇ ਪੁਤਲੇ ਫੂਕਣ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਿਸਾਨ ਅੰਦੋਲਨ ਦੌਰਾਨ ਹੀ ਪਤਾ ਲੱਗ ਗਿਆ ਸੀ ਕਿ ਪੰਜਾਬ ਭਾਜਪਾ ਦੇ ਅੱਗੇ ਝੁਕਣ ਵਾਲਾ ਨਹੀਂ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕੀ ਲਗਦਾ ਹੈ ਕਿ ਉਹ ਇਨ੍ਹਾਂ ਸੱਤ ਸੰਸਦ ਮੈਂਬਰਾਂ ਨੂੰ ਆਪਣੇ ਵੱਲ ਕਰਕੇ ਪੰਜਾਬ ਨੂੰ ਜਿੱਤ ਸਕਦੇ ਹਨ, ਉਨ੍ਹਾਂ ਕਿਹਾ ਕਿ ਇਹ ਉਹ ਪੰਜਾਬ ਹੈ ਜਿਸ ਨੇ ਭਾਜਪਾ ਨੂੰ ਪੰਜਾਬ ਸੂਬੇ 'ਚੋਂ ਨਕਾਰਿਆ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਸੂਬੇ 'ਤੇ ਕੋਈ ਮੁਸੀਬਤ ਆਈ ਹੈ ਤਾਂ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਲੋਂ ਸੰਸਦ 'ਚ ਇਕ ਹੀ ਅਜਿਹੇ ਸੰਸਦ ਮੈਂਬਰ ਸਨ ਜੋ ਕਿ ਭਗਵੰਤ ਮਾਨ ਸਨ ਜਿਨ੍ਹਾਂ ਨੇ ਪੰਜਾਬ ਲਈ ਸੰਸਦ 'ਚ ਅਵਾਜ਼ ਬੁਲੰਦ ਕੀਤੀ ਸੀ ਅਤੇ ਹੁਣ ਵੀ ਪੰਜਾਬ ਦੇ ਉਹ ਸੰਸਦ ਮੈਂਬਰ ਚਾਹੀਦੇ ਜੋ ਭਗਵੰਤ ਮਾਨ ਵਰਗੇ ਹੋਣ ਤੇ ਪੰਜਾਬ ਨਾਲ ਗਦਾਰੀ ਨਾ ਕਰਨ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ, ਰੇਸ਼ਮ ਸਿੰਘ ਵੜੈਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੌਂਸਲਰ ਦਿਆਲ ਸਿੰਘ ਰਾਜਾਸਾਂਸੀ, ਕੌਂਸਲਰ ਸਵਿੰਦਰਪਾਲ ਸਿੰਘ ਹੈਪੀ, ਕੌਂਸਲਰ ਸਿੰਦਾ ਮਾਸਟਰ, ਕੌਂਸਲਰ ਅਮਰਿੰਦਰ ਸਿੰਘ ਸੰਨੀ, ਕੌਂਸਲਰ ਸਿੰਮੀ ਪ੍ਰਧਾਨ, ਸੁਖਦੀਪ ਸਿੰਘ ਛੀਨਾ, ਰਾਜਬੀਰ ਸਿੰਘ ਤੋਲਾਨੰਗਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਖਵਿੰਦਰ ਸਿੰਘ ਭਿੰਡੀਆਂ, ਸਤਨਾਮ ਸਿੰਘ ਵੜੈਚ, ਰਣਵੀਰ ਸਿੰਘ ਵੜੈਚ ਅਦਲੀਵਾਲਾ, ਭਲਵਾਨ ਦਿਲਬਾਗ ਸਿੰਘ ਛੀਨਾ, ਹਰਜੀਤ ਸਿੰਘ ਛੀਨਾ, ਪਰਮਜੀਤ ਸਿੰਘ ਚੋਗਾਵਾਂ, ਜੋਬਨ ਝੰਜੋਟੀ, ਰਾਮ ਸਿੰਘ ਚੋਗਾਵਾਂ, ਸਰਪੰਚ ਸੁਖਰਾਜ ਸਿੰਘ ਮੋਤਲਾ, ਸਰਪੰਚ ਸਤਨਾਮ ਸਿੰਘ ਸਰਪੰਚ ਲਿਲਾ ਅਫ਼ਗ਼ਾਨਾਂ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ ਤੋਂ ਇਲਾਵਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਵਰਕਰ ਤੇ ਪੰਚ ਸਰਪੰਚ ਹਾਜ਼ਰ ਸਨ |
ਜੰਡਿਆਲਾ ਗੁਰੂ 'ਚ 'ਆਪ' ਵਰਕਰਾਂ ਵਲੋਂ ਤਿੱਖਾ ਵਿਰੋਧ ਪ੍ਰਦਰਸ਼ਨ
ਜੰਡਿਆਲਾ ਗੁਰੂ, (ਹਰਜਿੰਦਰ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੇ ਵਿਰੋਧ 'ਚ ਅੱਜ ਇੱਥੇ 'ਆਪ' ਵਰਕਰਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਸਥਾਨਕ ਵਾਲਮੀਕਿ ਚੌਕ 'ਚ ਹੋਏ ਇਸ ਧਰਨੇ-ਪ੍ਰਦਰਸ਼ਨ ਦੀ ਅਗਵਾਈ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਰਕਰਾਂ ਨੇ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਵਾਲੇ ਆਗੂਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੇ ਕਦਮ ਨੂੰ ਲੋਕਤੰਤਰ ਅਤੇ ਜਨਤਾ ਦੇ ਭਰੋਸੇ ਨਾਲ ਧੋਖਾ ਕਰਾਰ ਦਿੱਤਾ | ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਪਾਰਟੀ ਨੇ ਭਰੋਸੇ ਨਾਲ ਰਾਜ ਸਭਾ ਵਿਚ ਭੇਜਿਆ ਸੀ, ਉਨ੍ਹਾਂ ਨੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਾਗਰੂਕ ਜਨਤਾ ਅਜਿਹੇ ਕਦਮਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ ਅਤੇ ਵਿਕਾਸ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਏਗੀ | ਇਸ ਮੌਕੇ ਨਰੇਸ਼ ਪਾਠਕ ਐੱਸ ਬੋਰਡ ਮੈਂਬਰ, ਚੇਅਰਮੈਨ ਅਮਰੀਕ ਸਿੰਘ ਸੋਢੀ, ਸਤਿੰਦਰ ਸਿੰਘ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਮਨਜਿੰਦਰ ਸਿੰਘ ਭੀਰੀ ਗਹਿਰੀ ਮੰਡੀ ਆਦਿ ਹਾਜ਼ਰ ਸਨ |
ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡ ਕੇ ਪੰਜਾਬ, ਪੰਜਾਬੀਆਂ ਨਾਲ ਕੀਤੀ ਵੱਡੀ ਗੱਦਾਰੀ- ਤਲਬੀਰ ਸਿੰਘ ਗਿੱਲ
ਮਜੀਠਾ, (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਦੇ ਪੰਜਾਬ ਨਾਲ ਸਬੰਧਤ 7 ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੇ ਬੱਸ ਅੱਡਾ ਮਜੀਠਾ ਵਿਖੇ ਰੋਸ ਮੁਜ਼ਾਹਰਾ ਕਰਨ ਦੌਰਾਨ ਇਨ੍ਹਾਂ ਦਾ ਪੁਤਲਾ ਫੂਕਣ ਤੋਂ ਪਹਿਲਾਂ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇਨ੍ਹਾਂ ਰਾਜ ਸਭਾ ਮੈਂਬਰਾਂ ਨੇ ਆਪਣੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਜਾ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਬਹੁਤ ਵੱਡੀ ਗੱਦਾਰੀ ਕੀਤੀ ਹੈ ਅਤੇ ਪਾਰਟੀ ਨਾਲ ਧ੍ਰੋਹ ਕਮਾਇਆ ਹੈ | ਗਿੱਲ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਪਾਰਟੀ ਨੇ ਇੰਨੇ ਵੱਡੇ ਅਹੁਦਿਆਂ 'ਤੇ ਬਿਠਾ ਕੇ ਪੂਰਾ ਮਾਣ ਸਤਿਕਾਰ ਦਿੱਤਾ ਸੀ ਪਰ ਇਹ ਵਿਅਕਤੀ ਪਾਰਟੀ ਵਲੋਂ ਦਿੱਤੇ ਮਾਣ ਸਨਮਾਨ ਨੂੰ ਹਜ਼ਮ ਨਹੀਂ ਕਰ ਸਕੇ | ਮਜੀਠਾ ਦੇ ਬੱਸ ਅੱਡੇ ਵਿਖੇ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਇਨ੍ਹਾਂ ਪਾਰਟੀ ਛੱਡ ਕੇ ਗਏ ਗੱਦਾਰਾਂ ਦਾ ਵਿਰੋਧ ਕਰਨ ਵਾਸਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਪਾਰਟੀ ਛੱਡ ਗਏ 7 ਰਾਜ ਸਭਾ ਮੈਂਬਰਾਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ ਅਤੇ ਇਨ੍ਹਾਂ ਦਾ ਪੁਤਲਾ ਫੂਕਿਆ ਗਿਆ | ਗਿੱਲ ਨੇ ਕਿਹਾ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਇਕਜੁੱਟ ਹੈ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮਜਬੂਤ ਹੈ ਅਤੇ 2027 ਦੀਆਂ ਚੋਣਾਂ ਵਿਚ ਇੱਕਜੁਟਤਾ ਨਾਲ ਪੰਜਾਬ ਵਿਚ ਦੁਬਾਰਾ ਸਰਕਾਰ ਬਣਾਵੇਗੀ | ਇਸ ਮੌਕੇ ਤਲਬੀਰ ਸਿੰਘ ਗਿੱਲ ਦੇ ਨਾਲ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਹਰਭੁਪਿੰਦਰ ਸਿੰਘ ਸ਼ਾਹ, ਜਸਵੰਤ ਸਿੰਘ ਪੰਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ ਬਲਾਕ ਸੰਮਤੀ ਯਾਦਵਿੰਦਰ ਸਿੰਘ, ਸਾਹਿਬ ਸਿੰਘ ਰੰਗਲੀਪੁਰਾ, ਪਰਮਿੰਦਰ ਸਿੰਘ ਰੁਮਾਣਾ ਚੱਕ, ਪ੍ਰਵੀਨ ਕੁਮਾਰ ਪਿੰਕਾ ਮਜੀਠਾ, ਜੈਪਾਲ ਮਹਾਜਨ, ਨੀਰਜ ਸ਼ਰਮਾ, ਨਿਰਮਲ ਸਿੰਘ ਟਾਇਰਾਂਵਾਲਾ, ਨਿਰਮਲ ਸਿੰਘ ਪਾਖਰਪੁਰਾ, ਜਸਵੰਤ ਸਿੰਘ ਸਰਪੰਚ ਵੀਰਮ, ਚੰਨਪ੍ਰੀਤ ਸਿੰਘ ਸਰਪੰਚ ਅਜੈਬਵਾਲੀ, ਰਾਜ ਕੁਮਾਰ ਸਰਪੰਚ ਲੁੱਧੜ, ਚਰਨਜੀਤ ਸਿੰਘ ਸਰਪੰਚ ਵਡਾਲਾ, ਬਲਦੇਵ ਸਿੰਘ ਡੱਡੀਆਂ, ਰਵੀਇੰਦਰ ਸਿੰਘ ਸਰਪੰਚ, ਹਰਜੀਤ ਸਿੰਘ ਸਰਪੰਚ ਉਦੋਕੇ, ਹਰਪਾਲ ਸਿੰਘ ਸਰਪੰਚ ਮੱਤੇਵਾਲ, ਜਸਪਾਲ ਸਿੰਘ ਬੱਠੂਚੱਕ, ਸੁਬੇਗ ਸਿੰਘ ਸਰਪੰਚ, ਮਨਜੀਤ ਸਿੰਘ ਸਰਪੰਚ, ਹਰਚਰਨ ਸਿੰਘ ਸੋਹੀ, ਸੁਖਵਿੰਦਰ ਸਿੰਘ ਸੋਹੀ, ਜੋਗਿੰਦਰ ਸਿੰਘ ਜੇਠੂਨੰਗਲ, ਬਲਵਿੰਦਰ ਸਿੰਘ ਮਰੜ੍ਹੀ, ਸੁਖਚੈਨ ਸਿੰਘ ਭੰਗਵਾ, ਪਰੇਮ ਸਿੰਘ ਸੋਨੀ, ਮਨਜੀਤ ਸਿੰਘ, ਗੁਰਪਿੰਦਰ ਸਿੰਘ, ਦਿਲਬਾਗ ਸਿੰਘ, ਰਵਿੰਦਰ ਸਿੰਘ ਹਦੈਤਪੁਰਾ, ਪਰੇਮ ਸਿੰਘ ਸੋਨੀ ਆਦਿ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |
'ਆਪ' ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
27-04-2026