ਟਾਂਗਰਾ, 26 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)ਪੰਜਾਬ ਵਿਚ ਵਾਢੀ ਦੇ ਮਹੱਤਵਪੂਰਨ ਸੀਜ਼ਨ ਦੌਰਾਨ ਖੇਤੀਬਾੜੀ ਵਿਭਾਗ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਇਸ ਸਮੇਂ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ, ਕਿਸਮਾਂ ਦੀ ਚੋਣ, ਖਾਦਾਂ ਅਤੇ ਕੀਟਨਾਸ਼ਕਾਂ ਬਾਰੇ ਮਾਹਿਰ ਸਲਾਹ ਦੀ ਲੋੜ ਹੁੰਦੀ ਹੈ, ਪਰ ਖੇਤੀਬਾੜੀ ਵਿਕਾਸ ਅਧਿਕਾਰੀ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਡਿਊਟੀਆਂ ਵਿਚ ਵਿਅਸਤ ਹਨ | ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ, ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਡਾ. ਸਤਵਿੰਦਰਬੀਰ ਸਿੰਘ ਕੋਟਲਾ ਅਤੇ ਜਨਰਲ ਸਕੱਤਰ ਡਾ. ਮਨਦੀਪ ਸਿੰਘ ਬੁੱਟਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਚੋਣਾਂ ਤੋਂ ਇਲਾਵਾ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਡਰੱਗ ਸਰਵੇਖਣ ਅਤੇ ਵੀ.ਆਈ.ਪੀ. ਡਿਊਟੀਆਂ ਵਿਚ ਲਗਾਇਆ ਗਿਆ ਹੈ | ਇਸ ਕਾਰਨ ਵਿਭਾਗ ਦਾ ਮੂਲ ਕੰਮ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਖੇਤੀਬਾੜੀ ਅਧਿਕਾਰੀਆਂ ਦੀ ਘਾਟ ਕਾਰਨ ਕਿਸਾਨਾਂ ਨੂੰ ਸਮੇਂ ਸਿਰ ਸਹੀ ਸਲਾਹ ਨਹੀਂ ਮਿਲ ਰਹੀ ਅਤੇ ਉਹ ਨਿੱਜੀ ਕੰਪਨੀਆਂ 'ਤੇ ਨਿਰਭਰ ਹੋਣ ਲਈ ਮਜਬੂਰ ਹਨ | ਜਥੇਬੰਦੀ ਨੇ ਐਲਾਨ ਕੀਤਾ ਕਿ ਜਲਦੀ ਹੀ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਖੇਤੀਬਾੜੀ ਅਧਿਕਾਰੀਆਂ ਦੀਆਂ ਵਾਧੂ ਡਿਊਟੀਆਂ ਘਟਾ ਕੇ ਉਨ੍ਹਾਂ ਨੂੰ ਕਿਸਾਨੀ ਪਸਾਰ ਸੇਵਾਵਾਂ ਲਈ ਸਮਰਪਿਤ ਕੀਤਾ ਜਾਵੇ |