ਅੰਮਿ੍ਤਸਰ, 27 ਅਪ੍ਰੈਲ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਖੇਤਰ ਦੇ ਪਿੰਡ ਭਿੰਡੀ ਸੈਦਾਂ 'ਚ 48 ਏਕੜ ਖੜੀ ਕਣਕ ਵੱਢਣ ਤੋਂ ਰੋਕੇ ਜਾਣ 'ਤੇ ਆਮ ਆਦਮੀ ਪਾਰਟੀ ਦੀ ਕਥਿਤ ਗੁੰਡਾਗਰਦੀ 'ਚ ਪੁਲਿਸ ਦੀ ਸ਼ਹਿ ਦੇ ਦੋਸ਼ ਲਾਉਂਦਿਆਂ ਅੱਜ ਕਾਂਗਰਸੀਆਂ ਵਲੋਂ ਸਾਬਕਾ ਮੰਤਰੀ ਤੇ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ | ਭੰਡਾਰੀ ਪੁਲ 'ਤੇ ਲਾਏ ਰੋਸ ਧਰਨੇ 'ਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਮੇਤ ਸਮੱੁਚੀ ਕਾਂਗਰਸ ਲੀਡਰਸ਼ਿਪ ਨੇ ਸ਼ਿਰਕਤ ਕੀਤੀ | ਯੂਥ ਕਾਂਗਰਸ ਦੇ ਸੀਨੀਅਰ ਆਗੂ ਦਿਲਰਾਜ ਸਿੰਘ ਸੁੱਖ ਸਰਕਾਰੀਆ ਨੇ ਦੱਸਿਆ ਕਿ ਅੱਜ ਦੇ ਧਰਨੇ ਦਾ ਮੁੱਢ ਬਲਾਕ ਸੰਮਤੀ ਚੋਣਾਂ ਵੇਲੇ ਦਾ ਹੈ ਜਦੋਂ ਕਿ ਕਾਂਗਰਸੀ ਆਗੂ ਸੁਰਜੀਤ ਸਿੰਘ ਦਾ 'ਆਪ' ਧਿਰ ਨਾਲ ਝਗੜੇ ਦਾ ਕਰਾਸ ਪਰਚਾ ਦਰਜ ਹੋਇਆ ਸੀ ਅਤੇ ਕਾਂਗਰਸ ਨਾਲ ਸੰਬੰਧਤ 6 ਆਗੂ ਜੇਲ੍ਹ ਜਾਣ ਉਪਰੰਤ ਜ਼ਮਾਨਤਾਂ ਕਰਵਾ ਕੇ ਬਾਹਰ ਆਏ ਹੋਏ ਜਦੋਂ ਕਿ ਆਮ ਆਦਮੀ ਪਾਰਟੀ ਧਿਰ ਦੇ ਕਿਸੇ ਵੀ ਬੰਦੇ ਨੂੰ ਪੁਲਿਸ ਵਲੋਂ ਗਿ੍ਫਤਾਰ ਨਹੀਂ ਕੀਤਾ ਗਿਆ | ਭਿੰਡੀ ਸੈਦਾਂ ਪਿੰਡ 'ਚ ਕਿਸਾਨਾਂ ਦੀ 48 ਏਕੜ ਦੇ ਜ਼ਮੀਨ ਪੱਕੀ ਖੜ੍ਹੀ ਹੈ ਜਦੋਂ ਕਿ ਪੁਲਿਸ ਦੀ ਸ਼ਹਿ 'ਤੇ ਦੂਜੀ ਧਿਰ ਕਣਕ ਨੂੰ ਵੱਢਣ ਤੋਂ ਰੋਕ ਰਹੀ ਹੈ ਜਦੋਂ ਕਿ ਹਾਈਕੋਰਟ ਦਾ ਕੁੰਡਾ ਵੀ ਖੜਕਾਇਆ ਗਿਆ ਹੈ ਅਤੇ ਅਦਾਲਤ ਵਲੋਂ ਉਨ੍ਹਾਂ ਦੇ ਹੱਕ 'ਚ ਸੁਰੱਖਿਆ ਦੇ ਵੀ ਆਦੇਸ਼ ਦਿੱਤੇ ਗਏ ਹਨ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸੁਹੇਲ ਮੀਰ ਕਾਸਿਮ ਨੇ ਧਰਨੇ 'ਚ ਪੁੱਜ ਕੇ ਵਿਸ਼ਵਾਸ ਦਿਵਾਇਆ ਕਿ ਕਣਕ ਵੱਢਣ ਲਈ ਲੋਂੜੀਦੀ ਸੁਰੱਖਿਆ ਦਿੱਤੀ ਜਾਵੇਗੀ | ਇਸ ਵਿਸ਼ਵਾਸ ਉਪਰੰਤ ਧਰਨਾ ਚੁੱਕ ਲਿਆ ਗਿਆ | ਇਸ ਧਰਨੇ 'ਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਹਰਪ੍ਰਤਾਪ ਸਿੰਘ ਅਜਨਾਲਾ, ਅਨਿਲ ਜੋਸ਼ੀ ਸਾਬਕਾ ਮੰਤਰੀ, ਡਾ: ਰਾਜ ਕੁਮਾਰ, ਸੁਨੀਲ ਦੱਤੀ, ਦਿਨੇਸ਼ ਬੱਸੀ, ਜਸਬੀਰ ਸਿੰਘ ਡਿੰਪਾ ਸਾਬਕਾ ਐਮ.ਪੀ., ਭਗਵੰਤਪਾਲ ਸਿੰਘ ਸੱਚਰ, ਅਸ਼ਵਨੀ ਪੱਪੂ, ਤਰਸੇਮ ਸਿੰਘ ਡੀ.ਸੀ., ਗੁਰਭੇਜ ਸਿੰਘ ਵਣੀਈਕੇ, ਲਖਵਿੰਦਰ ਸਿੰਘ ਝੰਜੋਟੀ ਆਦਿ ਨੇ ਸ਼ਿਰਕਤ ਕੀਤੀ |