ਅੰਮਿ੍ਤਸਰ, 27 ਅਪ੍ਰੈਲ (ਰੇਸ਼ਮ ਸਿੰਘ)-ਸ਼ਹਿਰੀ ਖੇਤਰ ਮਕਬੂਲਪੁਰਾ ਚੌਕ ਨੇੜੇ ਆਪਣੀ ਮਾਂ ਨਾਲ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀ ਮਾਸੂਮ ਬੱਚੀ ਨੂੰ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਚੀ ਟਰੱਕ ਦੇ ਹੇਠਾਂ ਆ ਕੇ ਕੁਚਲੀ ਗਈ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਉਪਰੰਤ ਗੁੱਸੇ 'ਚ ਆਏ ਲੋਕਾਂ ਨੇ ਟਰੱਕ ਡਰਾਇਵਰ ਦੀ ਭੁਗਤ ਸੁਆਰ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ | ਮਿ੍ਤਕ ਬੱਚੀ ਦੀ ਸ਼ਨਾਖਤ ਮੰਨਤ (8) ਵਾਸੀ ਨਿਊ ਅੰਮਿ੍ਤਸਰ ਵਜੋਂ ਹੋਈ ਹੈ | ਇਹ ਬੱਚੀ ਆਪਣੀ ਮਾਤਾ ਸ੍ਰੀਮਤੀ ਮੋਨਿਕਾ ਨਾਲ ਨਵੀਂ ਲਈ ਐਕਟਿਵਾ ਸਕੂਟਰੀ ਜਿਸ ਦਾ ਨੰਬਰ ਹਾਲੇ ਨਹੀਂ ਮਿਲਿਆ ਸੀ ਅੰਮਿ੍ਤਸਰ ਸ਼ਹਿਰ ਤੋਂ ਜਲੰਧਰ ਰੋਡ ਵੱਲ ਜਾ ਰਹੀ ਸੀ ਜਦੋਂ ਕਿ ਮਕਬੂਲਪੁਰਾ ਚੌਕ ਵਿਖੇ ਤੇਜ਼ ਰਫਤਾਰ ਟਰੱਕ ਨੰਬਰ ਪੀ.ਬੀ. 02 ਈ.ਸੀ. 3248 ਵਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਚੀ ਟਰੱਕ ਦੀ ਲਪੇਟ 'ਚ ਆ ਗਈ | ਟਰੱਕ ਡਰਾਈਵਰ ਦੀ ਸ਼ਨਾਖਤ ਗੁਰਜੰਟ ਸਿੰਘ ਵਜੋਂ ਹੋਈ ਦੱਸੀ ਗਈ ਹੈ | ਪੁਲਿਸ ਵਲੋਂ ਟਰੱਕ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |