ਅੰਮਿ੍ਤਸਰ, 2 ਮਈ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਵਲੋਂ ਰੇਲ ਯਾਤਰੀਆਂ ਨੂੰ ਬੇਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਤਹਿਤ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਮੈਡੀਕਲ ਸਟੋਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਜਾਣਕਾਰੀ ਮੁਤਾਬਕ ਫਿਰੋਜ਼ਪੁਰ ਡਿਵੀਜ਼ਨ ਵਲੋਂ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਸਥਾਪਤ ਕੀਤਾ ਇਹ ਪਹਿਲਾ ਮੈਡੀਕਲ ਸਟੋਰ ਹੋਵੇਗਾ, ਜਿੱਥੇ ਯਾਤਰੀਆਂ ਨੂੰ ਮੈਡੀਕਲ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ | ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਟਿਕਟ ਕਾਉਂਟਰ ਹਾਲ ਦੇ ਬਾਹਰ ਇਸ ਮੈਡੀਕਲ ਸਟੋਰ ਨੂੰ ਸਥਾਪਤ ਕੀਤਾ ਗਿਆ ਹੈ, ਜਿਸ 'ਚ ਯਾਤਰੀ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਪ੍ਰਾਪਤ ਕਰ ਸਕਣਗੇ | ਇਹ ਸਟੋਰ ਸੰਬੰਧਿਤ ਕੰਪਨੀ ਨੂੰ ਤਿੰਨ ਸਾਲਾਂ ਦੇ ਠੇਕੇ 'ਤੇ ਦਿੱਤਾ ਗਿਆ ਹੈ |