ਅੰਮਿ੍ਤਸਰ, 3 ਮਈ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਮੁਬੰਈ ਹਾਈਕੋਰਟ ਵਲੋਂ ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਡਾ. ਨਰਿੰਦਰ ਦਾਭੋਲਕਰ ਦੇ ਕਾਤਲ ਦੋਸ਼ੀ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਉਸਦੀ ਜ਼ਮਾਨਤ ਰੱਦ ਕਰਨ ਅਤੇ ਇਸ ਕਤਲ ਕਾਂਡ ਦੇ ਸਾਜ਼ਿਸ਼ਘਾੜੇ ਸਮੇਤ ਹੋਰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਸੂਬਾਈ ਜਥੇਬੰਦਕ ਮੁਖੀ ਮਾ: ਰਾਜਿੰਦਰ ਭਦੌੜ ਤੇ ਸੂਬਾ ਕਮੇਟੀ ਆਗੂਆਂ ਹੇਮ ਰਾਜ ਸਟੈਨੋ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਤੇ ਸੁਮੀਤ ਅੰਮਿ੍ਤਸਰ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਡਾ. ਦਾਭੋਲਕਰ ਅਤੇ ਕਾ. ਗੋਵਿੰਦ ਪਨਸਾਰੇ ਦੇ ਦੋਸ਼ੀ ਕਾਤਲਾਂ ਨੂੰ ਤਾਂ ਜ਼ਮਾਨਤ ਦਿੱਤੀ ਜਾ ਰਹੀ ਹੈ ਜਦਕਿ ਭੀਮਾ ਕੋਰੇਗਾਂਵ ਕਥਿਤ ਹਿੰਸਾ ਕੇਸ ਵਿੱਚ ਫਰਜ਼ੀ ਦੋਸ਼ਾਂ ਹੇਠ ਫਸਾਏ ਗਏ ਪੱਤਰਕਾਰ, ਵਕੀਲ ਅਤੇ ਸਮਾਜਿਕ ਕਾਰਕੁੰਨ ਬਿਨਾਂ ਕਿਸੇ ਸੁਣਵਾਈ ਦੇ ਪਿਛਲੇ ਸੱਤ ਸਾਲ ਤੋਂ ਜੇਲ੍ਹਾਂ ਵਿਚ ਸੜ ਰਹੇ ਹਨ, ਪਰ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਬਾਰ ਬਾਰ ਇਨਕਾਰ ਕੀਤਾ ਜਾ ਰਿਹਾ ਹੈ | ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ, ਜੋਗਿੰਦਰ ਕੁੱਲੇਵਾਲ, ਜਸਵੰਤ ਮੋਹਾਲੀ, ਜਸਵਿੰਦਰ ਫਗਵਾੜਾ, ਗੁਰਪ੍ਰੀਤ ਸ਼ਹਿਣਾ ਅਤੇ ਜੂਝਾਰ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਥਿਤ ਦਬਾਅ ਹੇਠ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਵਲੋਂ ਇਸ ਕਤਲ ਕਾਂਡ ਦੇ ਸਾਜ਼ਿਸ਼ ਘਾੜੇ ਸਮੇਤ ਮੁਲਜ਼ਮਾਂ ਵਿਰੁੱਧ ਸਪੱਸ਼ਟ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਾਣ ਬੁੱਝ ਕੇ ਗਿ੍ਫ਼ਤਾਰ ਨਹੀਂ ਕੀਤਾ ਗਿਆ |