ਅੰਮਿ੍ਤਸਰ, 12 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਸੂਬਾ ਵਾਸੀਆਂ ਲਈ ਸੰਜੀਵਨੀ ਸਾਬਤ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਨਕਦ-ਰਹਿਤ ਇਲਾਜ ਨਾਲ ਪੰਜਾਬ 'ਚ 5000 ਤੋਂ ਵੱਧ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ | ਉਕਤ ਜਾਣਕਾਰੀ ਸਾਂਝੀ ਕਰਦਿਆਂ ਪਨਸਪ ਦੇ ਚੇਅਰਮੈਨ ਅਤੇ ਨੌਜਵਾਨ ਆਗੂ ਪ੍ਰਭਬੀਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਿਹਤ ਯੋਜਨਾ ਤਹਿਤ ਕੁੱਲ 5,054 ਦਿਲ ਸੰਬੰਧੀ ਸਰਜਰੀਆਂ ਕੀਤੀਆਂ ਗਈਆਂ ਹਨ | ਇਨ੍ਹਾਂ ਵਿਚ 5,000 ਪਰਕਿਊਟੇਨਿਅਸ ਟ੍ਰਾਂਸਲਿਊਮਿਨਲ ਕੋਰੋਨਰੀ ਐਂਜੀਓਪਲਾਸਟੀ (ਪੀ. ਟੀ. ਸੀ. ਏ.) ਪ੍ਰਕਿਰਿਆਵਾਂ ਸ਼ਾਮਲ ਹਨ, ਜਿਨ੍ਹਾਂ ਵਿਚ ਡਾਇਗਨੋਸਟਿਕ ਐਂਜੀਓਗ੍ਰਾਮ ਵੀ ਸ਼ਾਮਲ ਹਨ, ਜਦਕਿ 54 ਮਾਮਲਿਆਂ ਵਿਚ ਪੈਰੀਫ਼ਰਲ ਐਂਜੀਓਪਲਾਸਟੀ ਕੀਤੀ ਗਈ ਹੈ | ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿਚ ਸਕਿੰਟ-ਸਕਿੰਟ ਕੀਮਤੀ ਹੁੰਦਾ ਹੈ ਅਤੇ ਕੁਝ ਮਿੰਟਾਂ ਦੀ ਦੇਰੀ ਜੀਵਨ ਅਤੇ ਮੌਤ ਵਿਚਕਾਰ ਫ਼ਰਕ ਪਾ ਸਕਦੀ ਹੈ | ਪੰਜਾਬ 'ਚ ਹੁਣ ਸਮੇਂ ਨਾਲ ਚੱਲ ਰਹੀ ਇਹ ਜੰਗ ਲਗਾਤਾਰ ਜਿੱਤੀ ਜਾ ਰਹੀ ਹੈ, ਕਿਉਂਕਿ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਤੇਜ਼ ਅਤੇ ਨਕਦ -ਰਹਿਤ ਐਂਜੀਓਪਲਾਸਟੀ ਸੇਵਾਵਾਂ ਮਰੀਜ਼ਾਂ ਨੂੰ ਲੋੜ ਪੈਣ ਤੇ ਸਮੇਂ ਸਿਰ ਇਹ ਐਮਰਜੈਂਸੀ ਇਲਾਜ ਮੁਹੱਈਆ ਕਰਵਾ ਰਹੀਆਂ ਹਨ | ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਇਨ੍ਹਾਂ ਇਲਾਜਾਂ ਦੀ ਕੁੱਲ ਲਾਗਤ ਲਗਪਗ 49.6 ਕਰੋੜ ਰੁਪਏ ਰਹੀ, ਜਿਸ ਵਿਚ ਪੀ.ਟੀ.ਸੀ.ਏ. ਪ੍ਰਕਿਰਿਆਵਾਂ, ਗਿਣਤੀ ਤੇ ਕੁੱਲ ਖ਼ਰਚ ਦੋਹਾਂ ਮਾਮਲਿਆਂ ਵਿਚ ਹੀ ਸਭ ਤੋਂ ਵੱਧ ਹਨ |