ਅੰਮਿ੍ਤਸਰ, 12 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਵਿਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਮਮਤਾ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਗਿਆ ਸਕੂਲ ਦਾ ਨਤੀਜਾ 100 ਫੀਸਦੀ ਆਇਆ ਹੈ, ਜਿਸ 'ਚ ਸਕੂਲ ਦੇ ਹੋਣਹਾਰ ਵਿਦਿਆਰਥੀ ਮਇਅੰਕ ਨੇ 87.2 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਸ਼ਿਵਮ ਨੇ 86.7 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਕਮਲਪ੍ਰੀਤ ਸਿੰਘ ਨੇ 84.4 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਬਾਕੀ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਹਾਸਲ ਕਰਕੇ ਜਿਥੇ ਆਪਣੇ ਸਕੂਲ ਦੇ ਨਾਮ ਨੂੰ ਬੁਲੰਦੀਆਂ ਤੇ ਪਹੁੰਚਾਇਆ, ਉੱਥੇ ਸਕੂਲ ਦੀ ਪ੍ਰਬੰਧਕ ਸੰਸਥਾ ਸ਼੍ਰੋਮਣੀ ਕਮੇਟੀ ਦਾ ਨਾਮ ਵੀ ਰੋਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਦੇ ਗੁਰ ਦੱਸਦੇ ਹੋਏ ਕਿਹਾ ਕਿ ਵਿਦਿਆਰਥੀ ਦੀ ਪੜ੍ਹਾਈ ਕਰਨ ਪ੍ਰਤੀ ਦਿ੍ੜਤਾ ਅਤੇ ਸਖ਼ਤ ਮਿਹਨਤ ਹਮੇਸ਼ਾਂ 100 ਫੀਸਦੀ ਸਫਲਤਾ ਅਤੇ ਮੈਰਿਟ ਪੁਜੀਸ਼ਨਾਂ ਹਾਸਲ ਕਰਨ 'ਚ ਸਹਾਈ ਹੁੰਦੀ ਹੈ | ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਨੂੰ ਉਨ੍ਹਾਂ ਦੀ ਮਿਹਨਤ ਸਦਕਾ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਅਤੇ ਭਵਿੱਖ 'ਚ ਹੋਰ ਉਚੇਰੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦੇ ਹੋਏ ਉਤਸ਼ਾਹਿਤ ਕੀਤਾ |