ਅੰਮਿ੍ਤਸਰ, 12 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਚੱਲ ਰਹੀ 'ਪ੍ਰਾਈਜ਼ ਵਾਰ' ਨੇ ਪਿਆਕੜਾਂ ਦੀਆਂ ਮੌਜਾਂ ਲਿਆ ਦਿੱਤੀਆਂ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਠੇਕੇਦਾਰਾਂ ਵਿਚਕਾਰ ਆਪਸੀ ਖਿੱਚੋਤਾਣ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਵਲੋਂ ਆਪਣੀ ਸੇਲ ਨੂੰ ਵਧਾਉਣ ਲਈ ਸ਼ਰਾਬ ਦੀਆਂ ਕੀਮਤਾਂ ਨੂੰ ਘਟਾ ਦਿੱਤਾ ਹੈ, ਜਿਸ ਨਾਲ ਸ਼ਰਾਬ ਦੀਆਂ ਕੀਮਤਾਂ 'ਚ ਕਰੀਬ 30 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ | ਇਸ ਪ੍ਰਾਈਜ਼ ਵਾਰ ਕਾਰਨ ਜਿੱਥੇ ਪਿਆਕੜਾਂ ਨੂੰ ਮੌਜਾਂ ਲੱਗ ਗਈਆਂ ਹਨ, ਉੱਥੇ ਹੀ ਸ਼ਰਾਬ ਤਸਕਰਾਂ 'ਤੇ ਵੀ ਲਗਾਮ ਲੱਗ ਗਈ ਹੈ | ਇਸ ਨਾਲ ਚੰਡੀਗੜ੍ਹ ਤੇ ਹਰਿਆਣਾ ਤੋਂ ਤਸਕਰੀ ਕਰਕੇ ਲਿਆਂਦੀ ਸ਼ਰਾਬ 'ਤੇ ਰੋਕ ਲੱਗੇਗੀ ਅਤੇ ਪੰਜਾਬ 'ਚ ਠੇਕੇਦਾਰਾਂ ਵਲੋਂ ਕੀਤੀ ਜਾਂਦੀ ਸ਼ਰਾਬ ਦੀ ਵਿਕਰੀ 'ਚ ਵੀ ਵਾਧਾ ਹੋਵੇਗਾ | ਦੂਜੇ ਪਾਸੇ ਆਬਕਾਰੀ ਵਿਭਾਗ ਦੇ ਮਾਲੀਏ 'ਤੇ ਇਸ ਪ੍ਰਾਈਜ਼ ਵਾਰ ਦਾ ਕੋਈ ਅਸਰ ਨਹੀਂ ਹੈ ਕਿਉਂਕਿ ਨਿਯਮ ਮੁਤਾਬਕ ਕੋਈ ਵੀ ਠੇਕੇਦਾਰ ਸ਼ਰਾਬ ਦੀ ਤੈਅ ਕੀਮਤ ਤੋਂ ਥੱਲੇ ਉਸਦੀ ਵਿਕਰੀ ਨਹੀਂ ਕਰ ਸਕਦਾ |