ਅੰਮਿ੍ਤਸਰ, 14 ਮਈ (ਜੱਸ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਮੀਰੀ ਪੀਰੀ ਕਾਲਜ ਤੇ ਹਸਪਤਾਲ ਹਰਿਆਣਾ ਦਾ ਕੇਸ ਜਿੱਤਣ 'ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਧਾਈ ਦਿੰਦਿਆਂ ਕਿਹਾ ਮਾਣਯੋਗ ਹਾਈਕੋਰਟ ਦੇ ਇਸ ਫ਼ੈਸਲੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਬਹੁਤ ਵੱਡੀ ਜਿੱਤ ਅਤੇ ਬਾਦਲਾਂ ਦੀ ਲੱਕ ਤੋੜਵੀਂ ਹਾਰ ਹੋਈ ਹੈ | ਜਾਰੀ ਬਿਆਨ ਵਿਚ ਉਨਾਂ ਕਿਹਾ ਕਿ ਜਥੇਦਾਰ ਦਾਦੂਵਾਲ ਤੇ ਵੱਡੇ ਵਕੀਲਾਂ ਦੇ ਅਣਥੱਕ ਯਤਨਾਂ ਸਦਕਾ ਅੱਜ ਮੀਰੀ ਪੀਰੀ ਹਸਪਤਾਲ 'ਤੇ ਕਥਿਤ ਤੌਰ 'ਤੇ ਪੂਰਨ ਤੌਰ 'ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਰਿਆਣਾ ਕਮੇਟੀ ਬਣਾਉਣ ਦਾ ਕੇਸ ਮਾਣਯੋਗ ਸੁਪਰੀਮ ਕੋਰਟ ਵਿਚੋਂ ਜਥੇਦਾਰ ਦਾਦੂਵਾਲ ਨੇ ਆਪਣੇ ਵੱਡੇ ਵਕੀਲਾਂ ਰਾਹੀਂ ਤੇ ਸਰਕਾਰਾਂ 'ਤੇ ਆਪਣਾ ਅਸਰ ਰਸੂਖ ਵਰਤਕੇ ਜਿੱਤਿਆ ਤੇ ਹਰਿਆਣਾ ਦੇ ਸਿੱਖਾਂ ਨੂੰ ਉਨਾਂ ਦਾ ਬਣਦਾ ਹੱਕ ਦਿਵਾਇਆ ਸੀ | ਉਨ੍ਹਾਂ ਕਿਹਾ ਕਿ ਜਥੇਦਾਰ ਦਾਦੂਵਾਲ ਨੇ ਮੀਰੀ ਪੀਰੀ ਹਸਪਤਾਲ 'ਤੇ ਬਾਦਲਾਂ ਦੇ ਨਿੱਜੀ ਟਰੱਸਟ ਦਾ ਕਥਿਤ ਤੌਰ 'ਤੇ ਅਧਿਕਾਰ ਖੋਹ ਕੇ ਹਰਿਆਣੇ ਦੇ ਸਿੱਖਾਂ ਦੀ ਝੋਲੀ ਪਾ ਦਿੱਤਾ ਹੈ |