ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰ ਰਹੇ 'ਆਪ' ਦੇ ਨੌਜਵਾਨ ਆਗੂ ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਵੱਡਾ ਦਾਅਵਾ ਕੀਤਾ ਹੈ ਕਿ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸੂਬੇ ਦੇ ਸਾਬਕਾ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕੇ ਅੰਦਰ ਲੋਕਾਂ ਦੇ ਹੱਕ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਕਰਕੇ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਵਧਿਆ ਹੈ | ਸਰਪੰਚ ਨਿਤੀਸ਼ ਸ਼ਾਹ ਨੇ ਅੱਗੇ ਕਿਹਾ ਕਿ ਰਮਦਾਸ ਦੇ ਲੋਕ ਇਸ ਵਾਰ ਵਿਕਾਸ, ਪਾਰਦਰਸ਼ਤਾ ਅਤੇ ਚੰਗੀ ਸੋਚ ਨੂੰ ਵੋਟ ਪਾਉਣਗੇ | ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਹੁਣ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਤੋਂ ਅੱਕ ਚੁੱਕੇ ਹਨ ਅਤੇ ਇਸ ਵਾਰ ਇਸ ਨਗਰ ਕੌਂਸਲ ਵਿਚ ਆਪ ਦੀ ਮਜ਼ਬੂਤ ਟੀਮ ਬਣੇਗੀ | ਉਨ੍ਹਾਂ ਇਹ ਵੀ ਕਿਹਾ ਕਿ ਹਰ ਵਾਰਡ ਵਿਚ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਨਤੀਜੇ ਵਾਲੇ ਦਿਨ ਆਪ ਦੀ ਵੱਡੀ ਜਿੱਤ ਸਾਹਮਣੇ ਆਵੇਗੀ |
ਨਗਰ ਕੌਂਸਲ ਰਮਦਾਸ ਦੀਆਂ ਸਾਰੀਆਂ ਵਾਰਡਾਂ 'ਚ 'ਆਪ' ਉਮੀਦਵਾਰ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਨਗੇ- ਨਿਤੀਸ਼ ਸ਼ਾਹ
ਅਜੀਤ ਡੈਸਕ
25-05-2026