ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਟਾਲਵਰਟਸ ਵਰਲਡ ਸਕੂਲ ਨੇ 12ਵੀਂ ਜਮਾਤ ਦੇ ਸੀ. ਬੀ. ਐੱਸ. ਈ. ਪ੍ਰੀਖਿਆ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਕੂਲ ਕੈਂਪਸ 'ਚ ਸਨਮਾਨ ਸਮਾਗਮ ਕਰਵਾਇਆ | ਸਕੂਲ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਧਾਨੁਕਾ ਨੇ ਕਾਮਰਸ ਸਟਰੀਮ 'ਚ 99 ਫ਼ੀਸਦੀ ਅੰਕ ਹਾਸਿਲ ਕਰਨ ਵਾਲੀ ਵਿਦਿਆਰਥਣ ਨਾਇਸਾ, ਲਾਵਣਿਆ ਮਹਾਜਨ 97.4 ਫ਼ੀਸਦੀ, ਦਾਨਿਸ਼ 97.2 ਫ਼ੀਸਦੀ, ਚਿਰਾਗ ਮਹਾਜਨ 97 ਫ਼ੀਸਦੀ, ਜਸਨੂਰ ਕੌਰ ਅਤੇ ਪ੍ਰਭਰੂਪ 96 ਫ਼ੀਸਦੀ, ਅਥਰਵ ਮਹਾਜਨ 95.2 ਫ਼ੀਸਦੀ ਅਤੇ ਅਨਮੋਲਪ੍ਰੀਤ 95 ਫ਼ੀਸਦੀ ਨੂੰ ਸ਼ਾਨਦਾਰ ਉਪਲਬੱਧੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਸਲਾਹਕਾਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੇ ਅਣਥੱਕ ਯਤਨਾਂ ਅਤੇ ਸਮਰਪਣ ਨੇ ਵਿਦਿਆਰਥੀਆਂ ਦੀ ਸਫਲਤਾ 'ਚ ਯੋਗਦਾਨ ਪਾਇਆ | ਵਿਦਿਆਰਥੀਆਂ ਦੇ ਅਣਥੱਕ ਯਤਨਾਂ ਅਤੇ ਸਮਰਪਣ 'ਤੇ ਜ਼ੋਰ ਦਿੰਦੇ ਹੋਏ ਪਿ੍ੰ. ਸ੍ਰੀਮਤੀ ਮਨੀਸ਼ਾ ਧਾਨੁਕਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਫ਼ਲਤਾ ਸਿਰਫ਼ ਅੰਕਾਂ ਤੱਕ ਸੀਮਤ ਨਹੀਂ ਹੈ | ਇਹ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਦੇ ਟੀਚੇ ਰੱਖਣ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਅਖ਼ੀਰ 'ਚ ਉਨ੍ਹਾਂ ਨੇ ਇਸ ਸ਼ਾਨਦਾਰ ਸਫਲਤਾ ਲਈ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |