ਅੰਮਿ੍ਤਸਰ, 25 ਮਈ (ਰੇਸ਼ਮ ਸਿੰਘ)-ਰਾਜ ਚੋਣ ਕਮਿਸ਼ਨ ਵਲੋਂ ਸੂਬੇ ਵਿਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਤਹਿਤ ਜ਼ਿਲ੍ਹਾ ਅੰਮਿ੍ਤਸਰ ਦੀਆਂ 4 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ ਰਈਆ ਦੀਆਂ ਚੋਣਾਂ 26 ਮਈ ਨੂੰ ਹੋ ਰਹੀਆਂ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਹ ਚੋਣਾ ਭਲਕੇ 26 ਮਈ (ਮੰਗਲਵਾਰ) ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਕਰਵਾਈਆਂ ਜਾਣਗੀਆਂ | ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 29 ਮਈ (ਸ਼ੁੱਕਰਵਾਰ) ਨੂੰ ਸਥਾਪਿਤ ਗਿਣਤੀ ਕੇਂਦਰਾਂ ਵਿਚ ਕੀਤੀ ਜਾਵੇਗੀ | ਜ਼ਿਲ੍ਹਾ ਮੈਜਿਸਟਰੇਟ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਸੁਤੰਤਰ, ਨਿਰਪੱਖ, ਸ਼ਾਂਤੀਪੂਰਣ ਅਤੇ ਰਾਜ ਚੋਣ ਕਮਿਸ਼ਨ ਨਿਰਦੇਸ਼ਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾਂ ਕਰਨ ਲਈ ਆਦਰਸ਼ ਚੋਣ ਜਾਬਤੇ ਤਹਿਤ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਆਉਂਦੇ ਪੋਲਿੰਗ ਸਟੇਸ਼ਨਾਂ ਦੇ ਅੰਦਰ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਆਨ ਡਿਊਟੀ ਆਰਮੀ ਪ੍ਰੋਸੋਨਲ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਫਾਇਰ ਅਸਲਾ ਅਤੇ ਹਥਿਆਰ (ਖੇਤੀਬਾੜੀ ਨਾਲ ਸੰਬੰਧਿਤ ਔਜ਼ਾਰ, ਤੇਜ਼ਧਾਰ ਹਥਿਆਰ ਜਿਵੇਂ ਕਿ ਗੰਡਾਸੀ, ਟਕੂਆ ਅਤੇ ਕੁਹਾੜੀ ਆਦਿ ਵਰਗੇ ਮਾਰੂ ਹਥਿਆਰ) ਨਾਲ ਲੈ ਕੇ ਚੱਲਣ 'ਤੇ ਪਾਬੰਧੀ ਹੋਵੇਗੀ | ਇਹ ਪਾਬੰਧੀ ਚੋਣ ਉਮੀਦਵਾਰਾਂ ਦੇ ਸੁਰੱਖਿਆ ਕਰਮਚਾਰੀਆਂ 'ਤੇ ਵੀ ਲਾਗੂ ਹੋਵੇਗੀ | ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ (ਕਤਾਰ ਵਿਚ ਲੱਗੇ ਵੋਟਰਾਂ ਤੋਂ ਇਲਾਵਾ) ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ/ਗਤੀਵਿਧੀਆਂ ਕਰਨ ਤੇ ਪਾਬੰਧੀ ਹੋਵੇਗੀ | 100 ਮੀਟਰ ਦੇ ਅੰਦਰ ਵੋਟਾਂ ਦਾ ਪ੍ਰਚਾਰ ਕਰਨਾ ਜਾਂ ਅਪੀਲ ਕਰਨ ਤੇ ਪਾਬੰਧੀ ਹੋਵੇਗੀ | ਕੋਈ ਵੀ ਰਾਜਨੀਤਿਕ ਪਾਰਟੀ, ਚੋਣ ਲੜ ਰਹੇ ਉਮੀਦਵਾਰ ਵਲੋਂ ਆਪਣਾ ਬੂਬ/ਟੈਂਟ ਨਹੀਂ ਲਗਾਇਆ ਜਾਵੇਗਾ | ਕਿਸੇ ਕਿਸਮ ਦਾ ਚੋਣਾਂ ਨਾਲ ਸੰਬੰਧਿਤ ਰਾਜਨੀਤਿਕ ਪਾਰਟੀ/ਉਮੀਦਵਾਰ ਦਾ ਪੋਸਟਰ/ਬੈਨਰ ਨਹੀਂ ਲਗਾਇਆ ਜਾਵੇਗਾ | 100 ਮੀਟਰ ਦੇ ਅੰਦਰ ਸੈਲੂਲਰ ਫ਼ੋਨ/ਕੋਰਡਲੈਸ ਫ਼ੋਨ/ਵਾਇਰਲੈਸ ਸੈਟ/ਲਾਊਡ ਸਪੀਕਰ ਆਦਿ ਦੀ ਵਰਤੋਂ ਤੇ ਪਾਬੰਦੀ ਹੋਵੇਗੀ | ਚੋਣ ਡਿਊਟੀ 'ਤੇ ਤਾਇਨਾਤ ਚੋਣ ਅਬਜਰਵਰ ਪੁਲਿਸ ਅਧਿਕਾਰੀ, ਡਿਉਟੀ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਇਸ ਤੋਂ ਛੋਟ ਹੋਵੇਗੀ | ਜ਼ਿਲ੍ਹਾ ਚੋਣ ਅਫ਼ਸਰ ਅਤੇ ਸੰਬੰਧਿਤ ਰਿਟਰਨਿੰਗ ਅਫ਼ਸਰਾਂ ਵਲੋਂ ਅਧਿਕਾਰਤ ਵਿਅਕਤੀ ਤੋਂ ਸਿਵਾਏ ਕਿਸੇ ਵੀ ਵਿਅਕਤੀ ਨੂੰ ਆਪਣਾ ਨਿੱਜੀ/ਪ੍ਰਾਈਵੇਟ ਵਾਹਨ ਲੈ ਕੇ ਜਾਣ 'ਤੇ ਮਨਾਹੀ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਜੋ ਚੋਣ ਪ੍ਰੀਕਿ੍ਆ ਨੂੰ ਪ੍ਰਭਾਵਿਤ ਕਰਦੀ ਹੋਵੇ ਤੇ ਮੁਕੰਮਲ ਪਾਬੰਧੀ ਹੋਵੇਗੀ |