ਅਟਾਰੀ ਸਰਹੱਦ, 25 ਮਈ (ਰਾਜਿੰਦਰ ਸਿੰਘ ਰੂਬੀ)-ਬਾਬਾ ਸੋਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾ ਕਲਾਂ ਦੇ ਬਿਲਕੁਲ ਨਜ਼ਦੀਕ ਪਿੰਡ ਮਾਲੂਵਾਲ ਦੀ ਜ਼ਮੀਨ 'ਤੇ ਬਣ ਰਹੇ ਗੋਦਾਮ ਦਾ ਇਲਾਕਾ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ ਹੈ | ਇਸ ਸੰਬੰਧੀਪਿੰਡ ਮਾਲੂਵਾਲ, ਭਕਨਾ ਕਲਾਂ ਤੇ ਨੱਥੂਪੁਰਾ ਦੀਆਂ ਪੰਚਾਇਤਾਂ, ਸਮੂਹ ਇਲਾਕਾ ਨਿਵਾਸੀਆਂ ਤੇ ਕਿਸਾਨ ਜਥੇਬੰਦੀਆਂ ਵਲੋਂ ਏ. ਡੀ. ਸੀ. ਨੂੰ ਮੰਗ ਪੱਤਰ ਸੌਂਪਿਆ ਗਿਆ | ਸਰਪੰਚਾਂ, ਪੰਚਾਇਤ ਮੈਂਬਰਾਂ ਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਜਿੱਥੇ ਗੋਦਾਮ ਬਣਾਇਆ ਜਾ ਰਿਹਾ ਹੈ, ਉਹ ਥਾਂ ਕਈ ਪੱਖਾਂ ਤੋਂ ਇਤਰਾਜ਼ਯੋਗ ਹੈ ਤੇ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ ਕਿਸਾਨਾਂ ਦੱਸਿਆ ਕਿ ਗੋਦਾਮ ਬਾਬਾ ਸੋਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਬਹੁਤ ਨੇੜੇ ਹੈ ਗੋਦਾਮਾਂ ਨੂੰ ਆਉਣ ਵਾਲੇ ਭਾਰੀ ਟਰੱਕਾਂ ਕਾਰਨ ਸਕੂਲ ਆਉਣ-ਜਾਣ ਵਾਲੇ ਬੱਚਿਆਂ ਨੂੰ ਰੋਜ਼ ਭਾਰੀ ਮੁਸ਼ਕਿਲਾਂ ਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹੇਗਾ | ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਗੋਦਾਮ ਮਹਾਨ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ਦੇ ਨਜ਼ਦੀਕ ਹੈ | ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਟ੍ਰੈਫਿਕ ਤੇ ਪ੍ਰਦੂਸ਼ਨ ਕਾਰਨ ਪ੍ਰੇਸ਼ਾਨੀ ਹੋਵੇਗੀ | ਆਵਾਜਾਈ ਠੱਪ ਹੋਣ ਦਾ ਡਰ ਹੈ ਤੇ ਇਹ ਰੋਡ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਂਦੀ ਮੁੱਖ ਸੜਕ ਹੈ ਜਿੱਥੋਂ ਰੋਜ਼ਾਨਾ ਹਜ਼ਾਰਾਂ ਸੰਗਤਾਂ ਲੰਘਦੀਆਂ ਹਨ ਤੇ ਗੋਦਾਮ ਬਣਨ ਨਾਲ ਟਰੱਕਾਂ ਦੀ ਆਵਾਜਾਈ ਵੱਧੇਗੀ ਤੇ ਸੰਗਤਾਂ ਨੂੰ ਮੁਸ਼ਕਿਲ ਆਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਰਿਹਾਇਸ਼ੀ ਇਲਾਕਾ ਪ੍ਰਭਾਵਿਤ ਪਿੰਡ ਮਾਲੂਵਾਲ, ਭਕਨਾ ਕਲਾਂ ਤੇ ਨੱਥੂਪੁਰਾ ਤਿੰਨਾਂ ਪਿੰਡਾਂ ਦੀ ਵਸੋਂ ਇਸ ਗੋਦਾਮ ਦੇ ਬਹੁਤ ਨੇੜੇ ਹੈ | ਗੋਦਾਮ ਦੇ 24 ਘੰਟੇ ਚੱਲਣ ਵਾਲੇ ਕੰਮ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਵੇਗਾ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਸਭਰਾ, ਸਰਪੰਚ ਅਵਤਾਰ ਸਿੰਘ ਮਾਲੂਵਾਲ, ਹਰਪ੍ਰੀਤ ਸਿੰਘ ਗਿੱਲ, ਕਿਸਾਨ ਆਗੂ ਭੁਪਿੰਦਰ ਸਿੰਘ ਸੰਧੂ, ਪ੍ਰਧਾਨ ਹਰਜੀਤ ਸਿੰਘ ਮਾਲੂਵਾਲ, ਗੁਰਦੀਪ ਸਿੰਘ ਗਿੱਲ, ਲਖਬੀਰ ਸਿੰਘ, ਸੁੱਖਵਿੰਦਰ ਸਿੰਘ ਸੁੱਖ, ਭਿੰਦਰ ਸਿੰਘ ਗਿੱਲ, ਸਰਪੰਚ ਬਲਦੇਵ ਸਿੰਘ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਨਿਰਮਲ ਸਿੰਘ, ਜਸ਼ਨ ਸਿੰਘ, ਮਨਜੀਤ ਸਿੰਘ, ਰਘਬੀਰ ਸਿੰਘ ਆਦਿ ਆਗੂ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ | ਲੋਕਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੇ ਖ਼ਿਲਾਫ਼ ਨਹੀਂ ਪਰ ਵਿੱਦਿਅਕ ਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਭੰਗ ਨਹੀਂ ਹੋਣ ਦੇਣਗੇ |