ਅੰਮਿ੍ਤਸਰ, 25 ਮਈ (ਰਾਜੇਸ਼ ਕੁਮਾਰ ਸ਼ਰਮਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਟਰਪਈ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਹਰਵਿੰਦਰ ਸਿੰਘ ਸੁਲਤਾਨਵਿੰਡ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਕਈ ਤਰ੍ਹਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਮੜ ਕੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ | ਆਗੂਆਂ ਨੇ ਆਖਿਆ ਕਿ ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਜਿਵੇਂ ਬੀਮਾ ਕਾਰਡ ਯੋਜਨਾ, ਡਰੱਗ ਸੈਂਸਸ, ਬੀ.ਐੱਲ.ਓ., ਇਲੈਕਸ਼ਨ ਡਿਊਟੀ, ਐਸ.ਆਈ. ਆਰ. ਦਾ ਕੰਮ, ਪਰਾਲੀ ਸਾੜਨ ਸਬੰਧੀ ਡਿਊਟੀ, ਸੈਂਸਸ ਅਤੇ ਸਕੂਲਾਂ 'ਚ ਕਈ ਤਰ੍ਹਾਂ ਦੇ ਹੋਰ ਗੈਰ ਵਿਗਿਆਨਕ ਪ੍ਰੋਜੈਕਟ ਜਿਵੇਂ ਮਿਸ਼ਨ ਸਮਰੱਥ, ਚਾਨਣ ਰਿਸ਼ਮਾਂ ਪ੍ਰੋਜੈਕਟ ਆਦਿ ਅਨੇਕਾਂ ਪ੍ਰਕਾਰ ਦੇ ਗ਼ੈਰ ਵਿੱਦਿਅਕ ਪ੍ਰੋਜੈਕਟ ਚਲਾ ਕੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦਾ ਸਿੱਖਿਆ ਮਹਿਕਮਾ ਇਹ ਸਭ ਕੁਝ ਦੇਖ ਕੇ ਮੂਕ ਦਰਸ਼ਕ ਬਣ ਬੈਠਾ ਹੈ | ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਇਸ ਸਭ ਦਾ ਵਿਰੋਧ ਕਰਨ ਦੀ ਬਜਾਏ ਕਿਸੇ ਹੋਰ ਹੀ ਦੁਨੀਆਂ ਵਿੱਚ ਗਵਾਚਾ ਜਾਪਦਾ ਹੈ | ਅਧਿਆਪਕਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ 2 ਜੂਨ ਨੂੰ ਮੁਹਾਲੀ ਦੇ ਵਿਦਿਆ ਭਵਨ ਵਿਖੇ ਜਬਰਦਸਤ ਰੋਸ ਰੈਲੀ ਤੇ ਰੋਸ ਮੁਜ਼ਾਰਾ ਕੀਤਾ ਜਾ ਰਿਹਾ ਹੈ | ਜੀ.ਟੀ.ਯੂ. ਦੇ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਇਸ ਰੋਸ ਮੁਜਾਹਰੇ ਵਿਚੋਂ ਵੱਡੀ ਗਿਣਤੀ 'ਚ ਸ਼ਾਮਲ ਹੋਣ | ਇਸ ਸਮੇਂ ਹਰਪ੍ਰੀਤ ਸਿੰਘ ਸੋਹੀਆਂ ਵਿੱਤ ਸਕੱਤਰ, ਹੀਰਾ ਸਿੰਘ ਭੱਟੀ, ਹਰਮਨਦੀਪ ਸਿੰਘ ਭੰਗਾਲੀ, ਨਵਜੋਤ ਸਿੰਘ ਰਤਨ, ਯਾਦਵਿੰਦਰ ਸਿੰਘ ਸੰਧੂ, ਰਵੀਇੰਦਰ ਪਾਲ ਸਿੰਘ, ਹਰਵਿੰਦਰ ਸਿੰਘ ਜਲਾਲਾਬਾਦ, ਨਵਤੇਜ ਸਿੰਘ ਖਿਲਚੀਆਂ, ਮੰਗਲ ਸਿੰਘ ਟਾਂਡਾ, ਨਿਰਮਲ ਸਿੰਘ ਭੋਮਾ ਤੇ ਅਵਤਾਰਜੀਤ ਸਿੰਘ ਆਦਿ ਹਾਜ਼ਰ ਸਨ |