ਬਾਬਾ ਬਕਾਲਾ ਸਾਹਿਬ, 25 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਅਧੀਨ ਰਈਆ ਵਿਖੇ 26 ਮਈ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤੀ ਚੋਣਾਂ ਪੂਰੀ ਤਰ੍ਹਾਂ ਅਮਨ ਅਮਾਨ ਅਤੇ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਕਰਵਾਉਣ ਲਈ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਚੋਣਾਂ ਦੌਰਾਨ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱੱਜ ਇੱਥੇ ਸ੍ਰੀਮਾਤਾ ਗੰਗਾ ਕੰਨਿਆਂ ਸੀ: ਸੈ: ਸਕੂਲ ਵਿਖੇ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ 5 ਵਾਰਡਾਂ ਵਿਚ ਚੋਣ ਕਰਵਾਈ ਜਾ ਰਹੀ ਹੈ ਅਤੇ ਇਨ੍ਹਾਂ ਸਾਰੀਆਂ ਵਾਰਡਾਂ ਵਿਚ ਹੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਮੇਰੇ ਸਮੇਤ ਦੋ ਥਾਣਾ ਮੁਖੀ ਖਿਲਚੀਆਂ ਅਤੇ ਬਿਆਸ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ ਅਤੇ ਸਾਰੀਆਂ ਵਾਰਡਾਂ ਤੇ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਿ੍ਹਆ ਜਾਵੇਗਾ | ਇਸ ਤੋਂ ਇਲਾਵਾ ਰਈਆ ਨੁੰ ਆਉਣ ਵਾਲੇ ਸਾਰੇ ਰਸਤਿਆਂ ਤੇ ਵਿਸ਼ੇਸ਼ ਨਾਕੇ ਲਾਏ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਕਿਸੇ ਪਾਰਟੀ ਵਲੋਂ ਬਾਹਰੀ ਦਖਲ ਅੰਦਾਜੀ ਨਹੀਂ ਹੋਣ ਦਿੱਤੀ ਜਾਵੇਗੀ | ਉਨ੍ਹਾਂ ਰਈਆ ਨਿਵਾਸੀਆਂ ਨੂੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ ਥਾਣਾ ਮੁਖੀ ਬਿਆਸ ਅਤੇ ਮੁਖਤਾਰ ਸਿੰਘ ਥਾਣਾ ਮੁਖੀ ਖਿਲ਼ਚੀਆਂ ਵੀ ਹਾਜ਼ਰ ਸਨ |