ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਸੂਬੇ ਦੇ ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਦੇਸ਼ ਦੀ ਆਰਥਿਕਤਾ ਇਸ ਸਮੇਂ ਇਕ ਅਜਿਹੇ ਦੌਰ 'ਚੋਂ ਗੁਜ਼ਰ ਰਹੀ ਹੈ ਜਿੱਥੇ ਸਪਸ਼ਟ ਸਥਿਰਤਾ ਦੇ ਪਿੱਛੇ ਕਈ ਗੰਭੀਰ ਆਰਥਿਕ ਚੁਣੌਤੀਆਂ ਤੇਜ਼ੀ ਨਾਲ ਉੱਭਰ ਰਹੀਆਂ ਹਨ | ਹਾਲਾਂਕਿ, ਭਾਰਤ ਤਕਨੀਕੀ ਤੌਰ 'ਤੇ ਮੰਦੀ 'ਚ ਨਹੀਂ ਹੈ, ਪਰ ਆਰਥਿਕ ਗਤੀਵਿਧੀਆਂ 'ਚ ਮੰਦੀ, ਵਧਦੀ ਮਹਿੰਗਾਈ, ਵਿਦੇਸ਼ੀ ਨਿਵੇਸ਼ ਦੀ ਵੱਡੇ ਪੱਧਰ 'ਤੇ ਨਿਕਾਸੀ ਅਤੇ ਨਕਦੀ ਆਧਾਰਿਤ ਲੈਣ-ਦੇਣ 'ਚ ਅਚਾਨਕ ਵਾਧਾ ਕਾਰੋਬਾਰ ਤੇ ਉਦਯੋਗ ਲਈ ਗੰਭੀਰ ਚਿੰਤਾ ਦਾ ਕਾਰਨ ਬਣ ਰਿਹਾ ਹੈ | ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੇ ਕਾਰੋਬਾਰਾਂ, ਉਦਯੋਗਾਂ ਅਤੇ ਮੱਧ ਵਰਗ 'ਤੇ ਆਰਥਿਕ ਦਬਾਅ ਲਗਾਤਾਰ ਵਧ ਰਿਹਾ ਹੈ | ਇਕ ਪਾਸੇ ਖਾਣ-ਪੀਣ ਦੀਆਂ ਵਸਤੂਆਂ ਅਤੇ ਰੋਜ਼ਾਨਾ ਲੋੜਾਂ ਦੀਆਂ ਕੀਮਤਾਂ 'ਚ ਵਾਧੇ ਨੇ ਆਮ ਖਪਤਕਾਰ ਦੀ ਖ਼ਰੀਦ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਹੈ, ਜਦੋਂ ਕਿ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੇ ਦੇਸ਼ ਦੇ ਆਯਾਤ ਬਿੱਲ ਅਤੇ ਆਵਾਜਾਈ ਦੀਆਂ ਲਾਗਤਾਂ ਨੂੰ ਵਧਾ ਕੇ ਉਦਯੋਗਾਂ ਦੀ ਲਾਗਤ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ | ਉਕਤ ਵਪਾਰੀ ਆਗੂਆਂ ਨੇ ਕਿਹਾ ਕਿ ਦੇਸ਼ 'ਚ ਅਪ੍ਰੈਲ ਦੇ ਪਹਿਲੇ 15 ਦਿਨਾਂ 'ਚ ਬੈਂਕਾਂ ਤੋਂ ਲਗਪਗ 61,000 ਕਰੋੜ ਦੀ ਨਕਦੀ ਕਢਵਾਈ ਗਈ ਹੈ ਤੇ ਮੁਦਰਾ ਸਰਕੂਲੇਸ਼ਨ 42.3 ਲੱਖ ਕਰੋੜ ਤੱਕ ਪਹੁੰਚ ਗਿਆ ਹੈ, ਜੋ ਭਵਿੱਖ ਬਾਰੇ ਵਧਦੀ ਆਰਥਿਕ ਅਨਿਸ਼ਚਿਤਤਾ ਅਤੇ ਚਿੰਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਸਾਲ 'ਚ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੁਆਰਾ 2.6 ਲੱਖ ਕਰੋੜ ਤੋਂ ਵੱਧ ਦੀ ਨਿਕਾਸੀ ਭਾਰਤੀ ਸਟਾਕ ਮਾਰਕੀਟ ਅਤੇ ਵਿੱਤੀ ਪ੍ਰਣਾਲੀ 'ਤੇ ਦਬਾਅ ਬਣਾ ਰਹੀ ਹੈ | ਹਾਲਾਂਕਿ ਘਰੇਲੂ ਨਿਵੇਸ਼ਕਾਂ ਅਤੇ ਸਿਪ ਨਿਵੇਸ਼ਾਂ ਨੇ ਬਾਜ਼ਾਰ ਨੂੰ ਸਮਰਥਨ ਦਿੱਤਾ ਹੈ, ਇਸ ਦੇ ਬਾਵਜੂਦ ਇਹ ਸਥਿਤੀ ਲੰਬੇ ਸਮੇਂ ਦੀ ਆਰਥਿਕ ਅਸਥਿਰਤਾ ਨੂੰ ਦਰਸਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਰੁਪਏ ਦੀ ਲਗਾਤਾਰ ਗਿਰਾਵਟ ਅਤੇ ਡਾਲਰ ਦੇ ਮੁਕਾਬਲੇ 95-96 ਰੁਪਏ ਦੇ ਪੱਧਰ ਤੱਕ ਪਹੁੰਚਣ ਨਾਲ ਆਯਾਤ ਕੀਤੀਆਂ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ | ਪਿਆਰੇ ਲਾਲ ਸੇਠ ਨੇ ਕਿਹਾ ਕਿ ਵਪਾਰ ਮੰਡਲ ਕੇਂਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਨੂੰ ਵਪਾਰ ਅਤੇ ਉਦਯੋਗ ਨੂੰ ਰਾਹਤ ਪ੍ਰਦਾਨ ਕਰਨ ਲਈ ਠੋਸ ਅਤੇ ਵਿਹਾਰਕ ਕਦਮ ਚੁੱਕਣ ਦੀ ਅਪੀਲ ਕਰਦਾ ਹੈ | ਸਮੀਰ ਜੈਨ ਨੇ ਕਿਹਾ ਕਿ ਵਿਸ਼ਵ-ਵਿਆਪੀ ਹਾਲਾਤ, ਵਧਦੀ ਮਹਿੰਗਾਈ, ਸਪਲਾਈ ਲੜੀ 'ਚ ਵਿਘਨ ਤੇ ਕੌਮਾਂਤਰੀ ਤਣਾਅ ਕਾਰਨ ਦੇਸ਼ 'ਚ ਆਰਥਿਕ ਗਤੀਵਿਧੀਆਂ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ | ਇਸ ਸਮੇਂ ਕੇਂਦਰ ਸਰਕਾਰ ਨੂੰ ਦੂਰ-ਦਰਸ਼ੀ ਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ ਤੇ ਆਰਥਿਕ ਮੰਦੀ ਦੀ ਸੰਭਾਵਨਾ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ |