ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਇੰਸਟੀਚਿਊਟ ਫਾਰ ਦ ਬਲਾਇੰਡ ਦੀ 103ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਂਦੇ ਹੋਏ ਕੈਂਪਸ 'ਚ ਇਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ | ਨੇਤਰਹੀਣ ਗਾਇਕ ਆਸ਼ੀਸ਼ ਸਿੰਘ ਅਤੇ ਰੋਹਿਤ ਕੁਮਾਰ ਨੇ ਇਕ ਮਨਮੋਹਕ ਪ੍ਰਦਰਸ਼ਨ ਦਿੱਤਾ ਅਤੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ | ਸੰਸਥਾ ਦੇ ਸਕੱਤਰ ਅਰੁਣ ਕਪੂਰ ਜਿਨ੍ਹਾਂ ਨੇ ਪੂਰੇ ਸੰਗੀਤਕ ਪ੍ਰੋਗਰਾਮ ਦਾ ਸੰਚਾਲਨ ਕੀਤਾ, ਨੇ ਸੰਸਥਾ ਦੇ ਵਿਦਿਆਰਥੀਆਂ ਦੁਆਰਾ ਲਾਈਵ ਪ੍ਰਦਰਸ਼ਨ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ | ਇਸ ਦੌਰਾਨ ਗ਼ਜ਼ਲ ਗਾਇਕ ਸੁਰਿੰਦਰ ਕੱਕੜ, ਉਨ੍ਹਾਂ ਦੀ ਨੂੰਹ ਕਾਜਲ ਕੱਕੜ ਅਤੇ ਪੋਤੀ ਰੁਬੀਨਾ ਕੱਕੜ ਨੇ ਆਪਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਕੀਲ ਦਿੱਤਾ | ਇਸੇ ਤਰਾਂ ਸੀਨੀਅਰ ਡਾ. ਪਰਵੀਨ ਨਾਰੰਗ ਨੇ ਆਪਣੀ ਗਾਇਕੀ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਅਤੇ ਸੰਸਥਾ ਦੇ ਸੰਗੀਤਕਾਰਾਂ ਨੇ ਇਕ ਲਾਈਵ ਆਰਕੈਸਟਰਾ ਨਾਲ ਪ੍ਰਦਰਸ਼ਨ ਕੀਤਾ | ਸੰਗੀਤਕ ਸ਼ਾਮ ਦਾ ਆਯੋਜਨ ਸੰਗੀਤ ਅਤੇ ਗਾਇਕੀ 'ਚ ਉੱਤਮ ਪ੍ਰਦਰਸ਼ਨ ਕਰ ਰਹੇ ਨੇਤਰਹੀਣ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ ਸੀ | ਪ੍ਰਧਾਨ ਅਸ਼ੋਕ ਸੇਠੀ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਸ਼ੋਅ ਦੌਰਾਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਕਦ ਇਨਾਮ ਪ੍ਰਦਾਨ ਕੀਤੇ |