ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਮੌਜੂਦਾ ਦੌਰ 'ਚ ਉਦਯੋਗਿਕ, ਵਪਾਰਕ ਅਤੇ ਪ੍ਰਸ਼ਾਸਨਿਕ ਸਥਿਤੀ ਬਹੁਤ ਹੀ ਚਿੰਤਾਜਨਕ ਬਣ ਚੁੱਕੀ ਹੈ ਤੇ ਰਾਜ ਦੀ ਉਦਯੋਗਿਕ ਨੀਤੀ ਅੱਜ ਪੂਰੀ ਤਰ੍ਹਾਂ ਭਰਮ, ਪ੍ਰਸ਼ਾਸਨਿਕ ਵਿਵਸਥਾ, ਕਾਨੂੰਨ-ਵਿਵਸਥਾ ਦੀ ਕਮਜ਼ੋਰੀ ਅਤੇ ਉਦਯੋਗ ਵਿਰੋਧੀ ਰਵੱਈਏ ਦਾ ਸ਼ਿਕਾਰ ਦਿਖਾਈ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਕਤਲੋਗਾਰਤ, ਫ਼ਿਰੌਤੀ ਤੇ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਕਾਰਨ ਉਦਯੋਗਪਤੀ, ਵਪਾਰੀ ਅਤੇ ਨਿਵੇਸ਼ਕ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਪਰੇਸ਼ਾਨ ਮਹਿਸੂਸ ਕਰ ਰਹੇ ਹਨ, ਜਦਕਿ ਰਾਜ ਸਰਕਾਰ ਸਿਰਫ਼ ਇਸ਼ਤਿਹਾਰ ਆਧਾਰਿਤ ਪ੍ਰੋਗਰਾਮਾਂ, ਇਵੈਂਟ ਮੈਨੇਜਮੈਂਟ ਅਤੇ ਪ੍ਰਚਾਰਕ ਸੈਮੀਨਾਰਾਂ ਵਿਚ ਹੀ ਰੁਝੀ ਹੋਈ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਕੀ ਸਿਰਫ਼ 'ਇਨਵੈਸਟ ਪੰਜਾਬ' ਦੇ ਵੱਡੇ-ਵੱਡੇ ਪ੍ਰੋਗਰਾਮ ਕਰਵਾ ਦੇਣ ਨਾਲ ਉਦਯੋਗਾਂ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਜਦੋਂ ਕਿ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਹੈ | ਉਨ੍ਹਾਂ ਦਾਅਵਾ ਕੀਤਾ ਕਿ ਉਦਯੋਗਾਂ ਨੂੰ ਦਿੱਤੇ ਗਏ ਇਨਸੈਂਟਿਵ ਵਾਪਸ ਲਏ ਜਾ ਰਹੇ ਹਨ, ਕਈ ਉਦਯੋਗਾਂ ਨੂੰ ਪਹਿਲਾਂ ਦਿੱਤੀਆਂ ਗਈਆਂ ਉਦਯੋਗਿਕ ਪ੍ਰੋਤਸਾਹਨ ਯੋਜਨਾਵਾਂ ਦੇ ਲਾਭ ਹੁਣ ਬਿਨਾਂ ਢੰਗ ਨਾਲ ਨੋਟਿਸ ਦਿੱਤੇ ਅਤੇ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਵਾਪਸ ਲਏ ਜਾ ਰਹੇ ਹਨ | ਵਿਭਾਗਾਂ ਵਿਚ ਤਾਲਮੇਲ ਦੀ ਘਾਟ ਹੈ ਜਿਸ ਨੂੰ ਦੂਰ ਕਰਕੇ 'ਸਿੰਗਲ ਵਿੰਡੋ ਸਿਸਟਮ' ਨੂੰ ਅਸਲ ਰੂਪ ਵਿਚ ਲਾਗੂ ਕੀਤਾ ਜਾਵੇ | ਵਪਾਰ ਅਤੇ ਉਦਯੋਗ ਲਈ ਸੁਰੱਖਿਅਤ ਕਾਨੂੰਨ-ਵਿਵਸਥਾ ਯਕੀਨੀ ਬਣਾਈ ਜਾਵੇ | ਉਦਯੋਗਿਕ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਵੇ | ਉਦਯੋਗਪਤੀਆਂ ਅਤੇ ਵਪਾਰਕ ਸੰਸਥਾਵਾਂ ਨਾਲ ਸੰਵਾਦ ਕਰਕੇ ਵਿਹਾਰਕ ਉਦਯੋਗ ਨੀਤੀ ਤਿਆਰ ਕੀਤੀ ਜਾਵੇ |