ਡੇਰਾਬੱਸੀ, 27 ਮਈ (ਰਣਬੀਰ ਸਿੰਘ ਪੜ੍ਹੀ)-ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਕਿਸਾਨ ਆਗੂਆਂ ਖਿਲਾਫ਼ ਵਰਤੀ ਗਈ ਕਥਿਤ ਮੰਦੀ ਸ਼ਬਦਾਵਲੀ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਤਹਿਸੀਲ ਡੇਰਾਬੱਸੀ ਵਲੋਂ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤਾ ਗਿਆ ਹੈ | ਬੀਤੀ 25 ਮਈ ਨੂੰ ਦੱਪਰ ਟੋਲ ਪਲਾਜ਼ਾ ਵਿਖੇ ਪੁਤਲਾ ਫੂਕਣ ਤੋਂ ਬਾਅਦ ਜਥੇਬੰਦੀ ਵਲੋਂ 28 ਮਈ ਨੂੰ ਡੇਰਾਬੱਸੀ ਵਿਖੇ ਮੁੜ ਪੁਤਲਾ ਸਾੜਨ ਦਾ ਐਲਾਨ ਕੀਤਾ ਗਿਆ ਸੀ ਪਰ ਦੱਪਰ ਕਿਸਾਨ ਯੂਨੀਅਨ ਦੇ ਦਫ਼ਤਰ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਇਸ ਪ੍ਰੋਗਰਾਮ 'ਚ ਅਹਿਮ ਬਦਲਾਅ ਕੀਤਾ ਗਿਆ ਹੈ | ਇਸ ਸੰਬੰਧੀ ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਨਵੇਂ ਫੈਸਲੇ ਮੁਤਾਬਿਕ ਹ ੁਣ ਇਹ ਪ੍ਰੋਗਰਾਮ ਡੇਰਾਬੱਸੀ ਦੀ ਬਜਾਏ ਜ਼ੀਰਕਪੁਰ ਵਿਖੇ ਉਲੀਕਿਆ ਗਿਆ ਹੈ, ਜਦਕਿ ਡੇਰਾਬੱਸੀ ਦਾ ਪ੍ਰੋਗਰਾਮ ਬਾਅਦ ਵਿਚ ਰੱਖਿਆ ਜਾਵੇਗਾ | ਹੁਣ ਵੀਰਵਾਰ ਨੂੰ ਨਵੇਂ ਉਲੀਕੇ ਪ੍ਰੋਗਰਾਮ ਅਨੁਸਾਰ ਸਵੇਰੇ 10 ਵਜੇ ਸਮੂਹ ਕਿਸਾਨ-ਮਜ਼ਦੂਰ ਨਗਰ ਕੌਂਸਲ ਚੌਕ (ਨੇੜੇ ਕੋਹੀਨੂਰ ਢਾਬਾ) ਜ਼ੀਰਕਪੁਰ ਵਿਖੇ ਇਕੱਠੇ ਹੋਣਗੇ ਅਤੇ ਉਥੋਂ ਪਟਿਆਲਾ ਚੌਕ ਵੱਲ ਮਾਰਚ ਕਰਕੇ ਹਲਕਾ ਵਿਧਾਇਕ ਦਾ ਪੁਤਲਾ ਫੂਕਣਗੇ | ਇਸ ਦੇ ਨਾਲ ਹੀ ਮੀਟਿੰਗ 'ਚ ਬੀਤੇ ਦਿਨੀਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੁਲਿਸ ਕਰਮਚਾਰੀਆਂ ਖਿਲਾਫ਼ ਵਰਤੀ ਗਈ ਗਲਤ ਸ਼ਬਦਾਵਲੀ ਦੀ ਵੀ ਸਖ਼ਤ ਨਿੰਦਾ ਕਰਦਿਆਂ ਫੈਸਲਾ ਲਿਆ ਗਿਆ ਕਿ ਇਸ ਪ੍ਰਦਰਸ਼ਨ ਦੌਰਾਨ ਵਿਧਾਇਕ ਰੰਧਾਵਾ ਦੇ ਨਾਲ-ਨਾਲ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੀ ਪੁਤਲਾ ਸਾੜਿਆ ਜਾਵੇਗਾ |