ਪਾਕਿ ਨੂੰ ਕੌਮਾਂਤਰੀ ਕਾਨੂੰਨ ਦੇ ਤਹਿਤ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ-ਕਾਜਾ ਕੈਲਸ <br/>
ਕਾਜਾ ਕੈਲਸ ਨਾਲ ਹੱਥ ਮਿਲਾ ਕੇ ਸਵਾਗਤ ਕਰਦੇ ਹੋਏ ਇਸਹਾਕ ਡਾਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ
<br/>
02-06-2026
ਕੈਲਸ ਨੇ ਇਹ ਟਿੱਪਣੀਆਂ 8ਵੇਂ ਈ. ਯੂ.-ਪਾਕਿਸਤਾਨ ਰਣਨੀਤਕ ਸੰਵਾਦ ਤੋਂ ਪਹਿਲਾਂ ਆਪਣੇ ਸਵਾਗਤ ਭਾਸ਼ਣ 'ਚ ਕੀਤੀਆਂ | ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੇ ਹਾਲੀਆ ਤਣਾਅ ਦੇ ਗੰਭੀਰ ਨਤੀਜੇ ਹੋ ਸਕਦੇ ਹਨ ਅਤੇ ਇਸ ਖੇਤਰ ਨੂੰ ਹੋਰ ਅਸਥਿਰ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਯੂਰਪੀ ਸੰਘ ਨੇ ਲਗਾਤਾਰ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਅਤੇ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ ਅਤੇ ਮੌਜੂਦਾ ਹਾਲਾਤਾਂ 'ਚ ਹਵਾਈ ਹਮਲਿਆਂ ਦੀ ਬਜਾਏ ਗੱਲਬਾਤ ਹੀ ਸਭ ਤੋਂ ਵਧੀਆ ਤਰੀਕਾ ਹੈ | ਕੈਲਸ ਨੇ ਰਣਨੀਤਕ ਗੱਲਬਾਤ ਦੌਰਾਨ ਆਉਣ ਵਾਲੇ ਸਾਲਾਂ 'ਚ ਪਾਕਿ ਅਤੇ ਯੂਰਪੀ ਸੰਘ ਵਿਚਕਾਰ ਸਹਿਯੋਗ ਨੂੰ ਹੋਰ ਵਧਾਉਣ ਦੀ ਆਪਣੀ ਉਤਸੁਕਤਾ ਪ੍ਰਗਟ ਕੀਤੀ | ਉਨ੍ਹਾਂ ਨੇ ਸੰਯੁਕਤ ਰਾਜ ਅਤੇ ਈਰਾਨ ਵਿਚਕਾਰ ਕੂਟਨੀਤੀ ਨੂੰ ਉਤਸ਼ਾਹਿਤ ਕਰਨ 'ਚ ਪਾਕਿ ਦੀ ਭੂਮਿਕਾ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਇਸਲਾਮਾਬਾਦ ਦੇ ਵਿਚੋਲਗੀ ਯਤਨਾਂ ਨੂੰ ਬਹੁਤ ਕੀਮਤੀ ਦੱਸਿਆ | ਇਸ ਤੋਂ ਪਹਿਲਾਂ ਇਸਹਾਕ ਡਾਰ ਨੇ ਯੂਰਪੀ ਸੰਘ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਯੂਰਪੀ ਸੰਘ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪਾਕਿ ਦੀ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਨੇ ਇਸ ਗੱਲਬਾਤ ਬਾਰੇ ਮੀਡੀਆ ਨੂੰ ਦੱਸਿਆ ਕਿ ਕਾਜਾ ਕੈਲਸ ਨਾਲ ਚਰਚਾਵਾਂ 'ਚ ਸੁਰੱਖਿਆ ਮੁੱਦੇ ਅਤੇ ਅੱਤਵਾਦ ਵਿਰੋਧੀ ਸਹਿਯੋਗ ਦੇ ਨਾਲ-ਨਾਲ ਅਫ਼ਗਾਨਿਸਤਾਨ 'ਚ 'ਫ਼ਿਤਨਾ ਅਲ-ਖਵਾਰਿਜ' ਅਤੇ 'ਫ਼ਿਤਨਾ ਅਲ-ਹਿੰਦੁਸਤਾਨ' ਤੱਤਾਂ ਦੀ ਮੌਜੂਦਗੀ ਬਾਰੇ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਗਈਆਂ |